4 ਪਛਾਤੇ ਅਤੇ 4 ਅਣਪਛਾਤਿਆਂ ਵਿਰੁੱਧ ਕੇਸ ਦਰਜ
ਬਟਾਲਾ, 17 ਜੂਨ : ਬਟਾਲਾ ਦੇ ਨਜ਼ਦੀਕ ਬੀਤੀ ਰਾਤ ਪਿੰਡ ਕੈਲੇ ਕਲਾਂ ’ਚ ਆਰ. ਐੱਮ. ਪੀ. ਡਾਕਟਰ ਵਜੋਂ ਕਲੀਨਿਕ ਚਲਾ ਰਹੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ, ਜਿਸਦੀ ਪਛਾਣ ਮੇਜਰ ਸਿੰਘ (55) ਵਾਸੀ ਨਿਊ ਹਰਨਾਮ ਨਗਰ ਬੱਖੇਵਾਲ ਬਟਾਲਾ ਵਜੋਂ ਹੋਈ ਹੈ।
ਮ੍ਰਿਤਕ ਦੇ ਪੁੱਤਰ ਕਰਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ 30-35 ਸਾਲ ਤੋਂ ਉਸ ਦਾ ਪਿਤਾ ਕੈਲੇ ਕਲਾਂ ’ਚ ਕਲੀਨਿਕ ਚਲਾਉਂਦੇ ਆ ਰਹੇ ਹਨ ਅਤੇ ਸੋਮਵਾਰ ਦੀ ਰਾਤ ਉਹ ਆਪਣੇ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੈਲੇ ਕਲਾਂ ਤੋਂ ਵਾਪਸ ਘਰ ਨੂੰ ਆ ਰਿਹਾ ਸੀ, ਜਦ ਉਹ ਸਤਕੋਹਾ ਮੋੜ ਨੇੜੇ ਪੁੱਜੇ ਤਾਂ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਸੜਕ ’ਚ ਡਿੱਗ ਪਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਸ ਦੇ ਉੱਚ ਅਧਿਕਾਰੀਆਂ ਮੌਕੇ ਵਾਰਦਾਤ ’ਤੇ ਦੇਰੀ ਨਾਲ ਪੁੱਜਣ ’ਤੇ ਮ੍ਰਿਤਕ ਡਾਕਟਰ ਦੇ ਪਰਿਵਾਰ ਮੈਂਬਰਾਂ ਅਤੇ ਮਾਝਾ ਕਿਸਾਨ ਯੂਨੀਅਨ ਸਮੇਤ ਦਰਜਨਾਂ ਲੋਕਾਂ ਨੇ ਅੰਮ੍ਰਿਤਸਰ ਪਠਾਨਕੋਟ ਹਾਈਵੇ ’ਤੇ ਧਰਨਾ ਦਿੰਦਿਆਂ ਚੱਕਾ ਜਾਮ ਕਰ ਦਿੱਤਾ ਅਤੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮਾਮਲੇ ਸਬੰਧੀ ਡੀ. ਐੱਸ. ਪੀ. ਪਰਮਵੀਰ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮ੍ਰਿਤਕ ਵਿਅਕਤੀ ਦੇ ਪੁੱਤਰ ਕਰਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 4 ਪਛਾਤੇ ਅਤੇ 4 ਅਣਪਛਾਤਿਆਂ ਵਿਰੁੱਧ ਕਤਲ ਅਤੇ ਅਸਲਾ ਐਕਟ ਦੇ ਅਧੀਨ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Read More : ਭਾਰੀ ਬਾਰਿਸ਼ ਕਾਰਨ ਖੱਡ ਵਿਚ ਡਿੱਗੀ ਬੱਸ