ਗਿਰੋਹ ਦਾ ਪਰਦਾਫਾਸ਼ ਕਰਨ ਲਈ ਜਾਂਚ ਟੀਮ ਦਾ ਗਠਨ : ਐੱਸ. ਐੱਸ. ਪੀ.
ਫਿਰੋਜ਼ਪੁਰ, 25 ਸਤੰਬਰ : 70,000 ਰੁਪਏ ਦੇ ਨਾਨ-ਰੀਫੰਡਏਬਲ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਇਕ ਨੌਜਵਾਨ ਦੇ ਉਸ ਦੀ ਮਾਂ ਤੋਂ ਦਸਤਾਵੇਜ਼ ਲੈ ਕੇ ਅਤੇ ਫਿਰ ਉਸ ਨੂੰ ਮਰਿਆ ਹੋਇਆ ਦਿਖਾ ਕੇ ਉਸ ਦਾ ਬੀਮਾ ਕਲੇਮ ਲੈਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਨੌਜਵਾਨ ਦੇ ਮਰੇ ਹੋਣ ਦਾ ਸਰਟੀਫਿਕੇਟ ਜਾਰੀ ਕਰਨ ਵਾਲੇ ਹਸਪਤਾਲ ਅਤੇ ਡਾਕਟਰ ਤੇ ਪੰਜਾਬ ਦੇ ਸਿਹਤ ਵਿਭਾਗ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਫਿਰੋਜ਼ਪੁਰ ਦੇ ਪਿੰਡ ਨਵਾਂ ਪੁਰਬਾ ਦੇ ਰਹਿਣ ਵਾਲੇ ਵਿਸ਼ਾਲ ਨਾਂ ਦੇ ਇਕ ਨੌਜਵਾਨ ਨੇ ਦੱਸਿਆ ਕਿ ਉਹ ਪਹਿਲਾਂ ਕੋਟ ਕਰੋੜ ਕਲਾਂ ਪਿੰਡ ’ਚ ਰਹਿੰਦਾ ਸੀ ਅਤੇ ਲੱਗਭਗ ਚਾਰ-ਪੰਜ ਸਾਲ ਪਹਿਲਾਂ ਉਸ ਦਾ ਪਰਿਵਾਰ ਫਿਰੋਜ਼ਪੁਰ ਛਾਉਣੀ ਦੇ ਨੇੜੇ ਪਿੰਡ ਨਵਾਂ ਪੁਰਬਾ ’ਚ ਆ ਗਿਆ।
ਵਿਸ਼ਾਲ ਅਨੁਸਾਰ ਪਿੰਡ ਦੇ ਇਕ ਵਿਅਕਤੀ ਨੇ ਉਸ ਦੀ ਮਾਂ ਨੂੰ 70,000 ਰੁਪਏ ਦਾ ਕਰਜ਼ਾ ਦਿਵਾਉਣ ਦਾ ਝਾਂਸਾ ਦਿੱਤਾ ਅਤੇ ਉਸ ਨੂੰ ਉਸ ਨੇ ਕਿਹਾ ਕਿ ਇਹ 70 ਹਜ਼ਾਰ ਰੁਪਏ ਵਾਪਸ ਨਹੀਂ ਕਰਨੇ ਪੈਣਗੇ ਤਾਂ ਉਸ ਦੀ ਮਾਂ ਨੇ ਲਾਲਚ ’ਚ ਆ ਕੇ ਉਸ ਦੇ ਸਾਰੇ ਦਸਤਾਵੇਜ਼ ਅਤੇ ਸਬੂਤ ਉਸ ਵਿਅਕਤੀ ਨੂੰ ਦੇ ਦਿੱਤੇ ਅਤੇ ਫਿਰ ਇਸ ਬਾਰੇ ਭੁੱਲ ਗਈ। ਵਿਸ਼ਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਸ ਦੇ ਭਰਾ ਨੂੰ ਕੋਟ ਕਰੋੜ ਕਲਾਂ ਪਿੰਡ ਦੀ ਪੰਚਾਇਤ ਦੇ ਇਕ ਮੈਂਬਰ ਦਾ ਫੋਨ ਆਇਆ, ਜਿਸ ਨੇ ਪੁੱਛਿਆ ਕਿ,‘‘ਕੀ ਵਿਸ਼ਾਲ ਦੀ ਮੌਤ ਹੋ ਗਈ ਹੈ। ਜਦੋਂ ਉਸ ਦੇ ਭਰਾ ਨੇ ਕਿਹਾ ਕਿ ਉਹ ਬਿਲਕੁਲ ਠੀਕ ਹੈ, ਤਾਂ ਉਸ ਵਿਅਕਤੀ ਨੇ ਦੱਸਿਆ ਕਿ ਇਕ ਬੀਮਾ ਕੰਪਨੀ ਦਾ ਸਟਾਫ ਉਸ ਦੀ ਮੌਤ ਦੀ ਪੁਸ਼ਟੀ ਕਰਨ ਆਇਆ ਸੀ।
ਵਿਸ਼ਾਲ ਨੇ ਦੱਸਿਆ ਕਿ ਇਸ ਬਾਰੇ ਪਤਾ ਲੱਗਣ ’ਤੇ ਉਸ ਨੇ ਮਾਮਲੇ ਦੀ ਬਾਰੀਕੀ ਨਾਲ ਪੈਰਵਾਈ ਕੀਤੀ ਅਤੇ ਜਦੋਂ ਉਸ ਨੇ ਦਸਤਾਵੇਜ਼ ਪ੍ਰਾਪਤ ਕੀਤੇ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮੌਤ ਦੀ ਸਾਜ਼ਿਸ਼ ਰਚਣ ਵਾਲੇ ਗਿਰੋਹ ਨੇ ਪਹਿਲਾਂ ਕਾਗਜ਼ਾਂ ’ਚ ਹੀ ਉਸ ਦਾ ਸੰਜਨਾ ਨਾਂ ਦੀ ਔਰਤ ਨਾਲ ਵਿਆਹ ਕਰਵਾਇਆ ਅਤੇ ਫਿਰ ਇਕ ਕੰਪਨੀ ਤੋਂ ਉਸ ਦਾ ਬੀਮਾ ਕਰਵਾਇਆ, ਫਿਰ ਉਸ ਨੂੰ ਮ੍ਰਿਤਕ ਐਲਾਨ ਕੇ ਹਸਪਤਾਲ ਤੋਂ ਮੌਤ ਸਰਟੀਫਿਕੇਟ ਹਾਸਲ ਕੀਤਾ।
ਇਸ ਸਰਟੀਫਿਕੇਟ ਦੇ ਆਧਾਰ ’ਤੇ ਪੰਜਾਬ ਦੇ ਸਿਹਤ ਵਿਭਾਗ ਨੇ ਇਕ ਸਰਕਾਰੀ ਮੌਤ ਸਰਟੀਫਿਕੇਟ ਜਾਰੀ ਕੀਤਾ ਹੈ, ਜਿਸ ’ਚ ਉਸ ਦੀ ਅਸਥੀਆਂ ਨਾਨਕਸਰ ’ਚ ਜਲ ਪ੍ਰਵਾਹ ਕਰਨ ਦਾ ਸਰਟੀਫਿਕੇਟ ਵੀ ਲੱਗਾ ਹੋਇਆ ਹੈ ਅਤੇ ਕਾਗਜ਼ਾਂ ’ਚ ਉਸ ਦੀ ਪਤਨੀ ਬਣੀ ਸੰਜਨਾ ਨੇ ਵੀ ਇਕ ਸਵੈ-ਐਲਾਨ ਪੱਤਰ ਦਿੱਤਾ ਹੋਇਆ ਹੈ ਅਤੇ ਕਲੇਮ ਲੈਣ ਦੀ ਫਾਈਲ ਭਰ ਕੇ ਬੀਮਾ ਕੰਪਨੀ ਨੂੰ ਦਿੱਤੀ ਹੋਈ ਹੈ।
ਵਿਸ਼ਾਲ ਨੇ ਦੱਸਿਆ ਕਿ ਉਸ ਨੂੰ ਜੋ ਦਸਤਾਵੇਜ਼ਾਂ ਮਿਲੇ ਹਨ, ਉਸ ਅਨੁਸਾਰ ਸੰਜਨਾ ਨੇ ਬੀਮਾ ਕੰਪਨੀ ਨੂੰ ਦੱਸਿਆ ਕਿ ਉਸ ਦੇ ਪਤੀ ਵਿਸ਼ਾਲ ਨੂੰ ਅਚਾਨਕ ਹਾਰਟ ਅਟੈਕ ਆਇਆ ਸੀ, ਜਿਸ ਨੂੰ ਡਰੋਲੀ ਭਾਈ ਲਿਜਾਇਆ ਗਿਆ ਅਤੇ ਚੋਟੀਆਂ ਕਲਾਂ ਦੇ ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਵਿਸ਼ਾਲ ਨੇ ਦੱਸਿਆ ਕਿ ਉਹ ਜਦੋਂ ਵੀ ਮੋਬਾਈਲ ਦਾ ਸਿਮ ਕਾਰਡ ਜਾਂ ਹੋਰ ਕੁਝ ਲੈਣ ਜਾਂਦਾ ਹੈ, ਤਾਂ ਉਸ ਨੂੰ ਇਹੀ ਜਵਾਬ ਮਿਲਦਾ ਹੈ ਕਿ ‘ਵਿਸ਼ਾਲ ਤਾਂ ਮਰ ਚੁੱਕਾ ਹੈ, ਤੁਸੀਂ ਕੌਣ ਹੋ।’
ਵਿਸ਼ਾਲ ਨੇ ਦੱਸਿਆ ਕਿ ਉਸ ਨੇ ਐੱਸ. ਐੱਸ. ਪੀ. ਫਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਹ ਮੰਗ ਕੀਤੀ ਹੈ ਕਿ ਉਸ ਦਾ ਗਲਤ ਮੌਤ ਸਰਟੀਫਿਕੇਟ ਬਣਵਾ ਕੇ ਵਰਤੋਂ ਕਰਨ ਵਾਲੀ ਸੰਜਨਾ ਨਾਂ ਦੀ ਲੜਕੀ ਦੇ ਨਾਲ ਕਾਗਜ਼ਾਂ ’ਚ ਉਸ ਦੀ ਸ਼ਾਦੀ ਕਰਵਾਉਣ ਵਾਲੇ, ਉਸ ਦਾ ਮੌਤ ਸਰਟੀਫਿਕੇਟ ਅਤੇ ਅਸਤੀਆਂ ਜਲ ਪ੍ਰਵਾਹ ਦਾ ਸਰਟੀਫਿਕੇਟ ਅਤੇ ਸਿਹਤ ਵਿਭਾਗ ਤੋਂ ਮੌਤ ਸਰਟੀਫਿਕੇਟ ਬਣਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾਵੇ ਅਤੇ ਉਸ ਦਾ ਮੌਤ ਸਰਟੀਫਿਕੇਟ ਜਾਰੀ ਕਰਨ ਵਾਲੇ ਹਸਪਤਾਲ ਅਤੇ ਡਾਕਟਰ ਅਤੇ ਮੌਤ ਸਰਟੀਫਿਕੇਟ ਬਣਵਾ ਕੇ ਦੇਣ ਵਾਲੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਦੂਜੇ ਪਾਸੇ ਸੰਪਰਕ ਕਰਨ ’ਤੇ ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਸ ਨੂੰ ਹੁਣੇ ਹੀ ਵਿਸ਼ਾਲ ਨਾਂ ਦੇ ਇਕ ਸ਼ਿਕਾਇਤਕਰਤਾ ਤੋਂ ਇਕ ਲਿਖਤੀ ਸ਼ਿਕਾਇਤ ਮਿਲੀ ਹੈ। ਜਾਂਚ ਅਤੇ ਕਾਰਵਾਈ ਕਰਨ ਲਈ ਇਕ ਟੀਮ ਬਣਾਈ ਗਈ ਹੈ ਅਤੇ ਇਹ ਟੀਮ ਜਲਦ ਹੀ ਇਸ ਗਿਰੋਹ ਦਾ ਪਰਦਾਫਾਸ਼ ਕਰੇਗੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਸੱਚਾਈ ਨੂੰ ਬੇਨਕਾਬ ਕਰਨ ਦੇ ਨਾਲ-ਨਾਲ, ਇਸ ਸਾਜ਼ਿਸ਼ ’ਚ ਸ਼ਾਮਲ ਹਰ ਵਿਅਕਤੀ ਵਿਰੁੱਧ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Read More : ਸਾਬਕਾ ਮੰਤਰੀ ਧਰਮਸੋਤ ਖਿਲਾਫ ਭ੍ਰਿਸ਼ਟਾਚਾਰ ਕੇਸ ਚਲਾਉਣ ਦੀ ਮਨਜ਼ੂਰੀ