30 ਕਰੋੜ ਦੀ ਹੇਰਾਫੇਰੀ ਅਤੇ ਰਾਇਲਟੀ ਨਾ ਦੇਣ ਦੇ ਇਲਜ਼ਾਮ
ਮਾਨਸਾ ਪੁਲਿਸ ਨੇ ਚਰਨ ਕੌਰ ਦੇ ਬਿਆਨਾਂ ’ਤੇ ਸ਼ੁਰੂ ਕੀਤੀ ਕਾਰਵਾਈ
ਮਾਨਸਾ, 16 ਫਰਵਰੀ : ਸਵਰਗੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮਾਨਸਾ ਪੁਲਿਸ ਨੇ ਇੱਕ ਡਿਜੀਟਲ ਕੰਪਨੀ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮਾਨਸਾ ਸਦਰ ਪੁਲਿਸ ਸਟੇਸ਼ਨ ਵੱਲੋਂ ਇਹ ਕਾਰਵਾਈ ਵਨ ਡਿਜੀਟਲ ਕੰਪਨੀ, ਗੁਰਪ੍ਰੀਤ ਸਿੰਘ ਅਤੇ ਸ਼ਬੀਰ ਮੋਮਿਨ ਵਿਰੁੱਧ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਮਾਨਸਾ ਵਿੱਚ ਐਸ.ਐਸ.ਪੀ. ਦਫ਼ਤਰ ਦੇ ਬਾਹਰ ਧਰਨਾ ਦਿੱਤਾ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਕੰਪਨੀ ਦੇ ਮਾਲਕ ਉਨ੍ਹਾਂ ਦੇ ਪੁੱਤ ਦੀ ਕਮਾਈ ਦਾ ਹਿਸਾਬ ਨਹੀਂ ਦੇ ਰਹੇ ਅਤੇ ਲਗਭਗ 30 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਗਈ ਹੈ।
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਗੀਤਾਂ ਦੇ ਮਾਰਕੀਟਿੰਗ ਅਤੇ ਡਿਜੀਟਲ ਅਧਿਕਾਰ ਸੰਭਾਲਣ ਵਾਲੀਆਂ ਕੰਪਨੀਆਂ ਪਿਛਲੇ ਸਾਲ ਤੋਂ ਨਾ ਤਾਂ ਆਡਿਟ ਰਿਪੋਰਟਾਂ ਦੇ ਰਹੀਆਂ ਹਨ ਅਤੇ ਨਾ ਹੀ ਰਾਇਲਟੀ ਦਾ ਭੁਗਤਾਨ ਕਰ ਰਹੀਆਂ ਹਨ।
ਸਿੱਧੂ ਮੂਸੇਵਾਲਾ ਦੇ ਅਕਾਲ ਚਲਾਣੇ ਤੋਂ ਬਾਅਦ ਰਿਲੀਜ਼ ਹੋਏ ਗੀਤਾਂ ਜਿਵੇਂ “ਵਾਰ”, “ਮੇਰਾ ਨਾ”, ਅਤੇ “ਐਸਵਾਈਐਲ” ਨੇ ਗਲੋਬਲ ਪੱਧਰ ’ਤੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਯੂਟਿਊਬ ’ਤੇ 600 ਕਰੋੜ ਤੋਂ ਵੱਧ ਵਿਊਜ਼ ਹੋਣ ਕਾਰਨ ਪਰਿਵਾਰ ਦਾ ਦਾਅਵਾ ਹੈ ਕਿ ਇਹ ਸਾਰੀ ਕਮਾਈ ਉਨ੍ਹਾਂ ਦੇ ਪੁੱਤਰ ਦੀ ਮਿਹਨਤ ਦਾ ਨਤੀਜਾ ਹੈ ਅਤੇ ਵਿੱਤੀ ਅਧਿਕਾਰ ਸਿਰਫ਼ ਮਾਪਿਆਂ ਕੋਲ ਹੋਣੇ ਚਾਹੀਦੇ ਹਨ। ਮੈਨੇਜਰ ਬੰਟੀ ਬੈਂਸ ਅਨੁਸਾਰ ਸਿੱਧੂ ਦੇ ਗੀਤ ਡਿਜੀਟਲ ਪਲੇਟਫਾਰਮਾਂ ਤੋਂ ਪ੍ਰਤੀ ਮਹੀਨਾ ਲਗਭਗ 30 ਕਰੋੜ ਰੁਪਏ ਕਮਾ ਸਕਦੇ ਹਨ।
ਇਸ ਮਾਮਲੇ ਵਿੱਚ ਮੈਨੇਜਰ ਬੰਟੀ ਬੈਂਸ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਰੱਖਦਿਆਂ ਸ਼ਬੀਰ ਮੋਮਿਨ ਨੂੰ ਬੇਨਤੀ ਕੀਤੀ ਹੈ ਕਿ ਉਹ ਸਿੱਧੂ ਪਰਿਵਾਰ ਨਾਲ ਇਕਰਾਰਨਾਮਾ ਤੈਅ ਕਰਕੇ ਬਣਦੀ ਰਕਮ ਅਦਾ ਕਰਨ। ਉਨ੍ਹਾਂ ਮਾਨਸਾ ਪੁਲਿਸ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਬੇਲੋੜਾ ਬਦਨਾਮ ਕੀਤਾ ਜਾ ਰਿਹਾ ਹੈ। ਪੁਲਿਸ ਹੁਣ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
Read More : ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਹਰੇਕ ਪਰਿਵਾਰ ਤੱਕ ਪਹੁੰਚਾਉਣਾ ਸਰਕਾਰ ਦੀ ਪਹਿਲ : ਡਾ. ਬਲਬੀਰ ਸਿੰਘ
