Anup Sanghera

ਦੋਨਾਲੀ ਸਾਫ ਕਰਦੇ ਸਮੇਂ ਬੈਂਕ ਦੇ ਗਾਰਡ ਕੋਲੋਂ ਚੱਲੀ ਗੋਲੀ

ਮੌਕੇ ’ਤੇ ਹੋਈ ਮੌਤ

ਗੁਰਾਇਆ, 14 ਜੂਨ :– ਜਲੰਧਰ-ਲੁਧਿਆਣਾ ਰੋਡ ’ਤੇ ਪੈਂਦੇ ਕਸਬਾ ਗੋਰਾਇਆ ਨੇੜੇ ਪਿੰਡ ਰੁੜਕਾ ਕਲਾਂ ਵਿਖੇ ਇਕ ਬੈਂਕ ਦੇ ਗਾਰਡ ਵੱਲੋਂ ਦੋਨਾਲੀ ਸਾਫ ਕਰਦੇ ਸਮੇਂ ਗੋਲੀ ਚੱਲ ਗਈ, ਜਿਸ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਸਾਬਕਾ ਸਰਪੰਚ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਪੱਤੀ ਬੂਲਾ ਕੀ ’ਚ ਰਹਿਣ ਵਾਲੇ ਅਨੂਪ ਸੰਘੇੜਾ (34) ਪੁੱਤਰ ਦਵਿੰਦਰ ਸਿੰਘ, ਜੋ ਗੁਰਾਇਆ ’ਚ ਕੋਆਪਰੇਟਿਵ ਸੋਸਾਇਟੀ ਬੈਂਕ ’ਚ ਗਾਰਡ ਦੀ ਨੌਕਰੀ ਕਰਦਾ ਸੀ।
ਸ਼ਨੀਵਾਰ ਤੇ ਐਤਵਾਰ 2 ਛੁੱਟੀਆਂ ਹੋਣ ਕਾਰਨ ਉਹ ਆਪਣੀ ਲਾਇਸੈਂਸੀ ਦੋਨਾਲੀ ਆਪਣੇ ਨਾਲ ਲੈ ਆਇਆ ਸੀ, ਜਿਸ ਨੂੰ ਜਦੋਂ ਉਹ ਸਾਫ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲ ਗਈ, ਜੋ ਉਸ ਦੀ ਅੱਖ ਦੇ ਕੋਲ ਲੱਗਦੀ ਹੋਈ ਸਿਰ ਵਿਚ ਲੱਗੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ।
ਇਸ ਬਾਬਤ ਮੌਕੇ ਤੇ ਪਹੁੰਚੇ ਐੱਸ. ਐੱਚ. ਓ. ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਚੌਕੀ ਇੰਚਾਰਜ ਰੁੜਕਾ ਕਲਾਂ ਅਮਨਦੀਪ ਸਿੰਘ ਤੇ ਪੁਲਸ ਪਾਰਟੀ ਵੀ ਮੌਕੇ ’ਤੇ ਪਹੁੰਚ ਗਈ ਸੀ, ਮੌਕੇ ’ਤੇ ਜਾ ਕੇ ਦੇਖਿਆ ਕਿ ਦੁਨਾਲੀ ਵਿਚੋਂ ਇਕ ਰੋਂਦ ਚਲਿਆ ਹੋਇਆ ਹੈ। ਪੁਲਸ ਨੇ ਦੋਨਾਲੀ ਨੂੰ ਕਬਜ਼ੇ ਵਿਚ ਲੈ ਲਿਆ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਅਨੂਪ ਦਾ ਨੌ ਸਾਲ ਦਾ ਇਕ ਬੇਟਾ ਹੈ, ਜੋ ਇੱਥੇ ਹੀ ਰਹਿੰਦਾ ਹੈ ਤੇ ਉਸ ਦੀ ਪਤਨੀ 6-7 ਮਹੀਨੇ ਪਹਿਲਾਂ ਦੁਬਈ ਗਈ ਹੈ। ਉਸ ਦੇ ਪਿਤਾ ਵੀ ਘਰ ਵਿਚ ਮੌਜੂਦ ਨਹੀਂ ਸੀ, ਅਨੂਪ ਘਰ ਵਿਚ ਇਕੱਲਾ ਸੀ।
ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਚ ਭੇਜ ਦਿੱਤਾ ਹੈ।

Read More : ਵਿਸ਼ਵ ਟੈਸਟ ਕ੍ਰਿਕਟ : ਚੈਂਪੀਅਨ ਬਣਿਆ ਦੱਖਣੀ ਅਫ਼ਰੀਕਾ

Leave a Reply

Your email address will not be published. Required fields are marked *