bulldozer

ਨਸ਼ਾ ਸਮੱਗਲਰ ਵੱਲੋਂ ਕੀਤੀ ਨਾਜਾਇਜ਼ ਉਸਾਰੀ ’ਤੇ ਚੱਲਿਆ ਬੁਲਡੋਜ਼ਰ

ਨਸ਼ਾ ਸਮੱਗਲਰ, ਪਤਨੀ ਅਤੇ 2 ਭਰਾਵਾਂ ’ਤੇ ਵੀ ਐੱਨ. ਡੀ. ਪੀ. ਐੱਸ. ਤਹਿਤ ਮੁਕੱਦਮੇ ਸਨ ਦਰਜ

ਬਟਾਲਾ, 30 ਜੁਲਾਈ : ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਸਮੱਗਲਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਅੱਜ ਬਟਾਲਾ ਪੁਲਸ ਨੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਭੋਮਾ ਵਿਖੇ ਨਸ਼ਾ ਸਮੱਗਲਰ ਅੰਮ੍ਰਿਤਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵੱਲੋਂ ਪੰਚਾਇਤੀ ਜਗਾ ’ਤੇ ਕੀਤੀ ਗਈ ਨਾਜਾਇਜ਼ ਉਸਾਰੀ ਨੂੰ ਜੇ. ਸੀ. ਬੀ. ਮਸ਼ੀਨ ਲਗਾ ਕੇ ਢਾਹ ਦਿੱਤਾ।

ਇਸ ਮੌਕੇ ਗੁਰਪ੍ਰਤਾਪ ਸਿੰਘ ਸਹੋਤਾ ਐੱਸ. ਪੀ. (ਡੀ) ਬਟਾਲਾ, ਹਰੀਸ਼ ਬਹਿਲ ਡੀ. ਐੱਸ. ਪੀ. ਸ੍ਰੀ ਹਰਗੋਬਿੰਦਪੁਰ ਸਾਹਿਬ, ਨਾਇਬ ਤਹਿਸੀਲਦਾਰ ਵਿਨੋਦ ਮਹਿਤਾ, ਬੀ. ਡੀ. ਪੀ. ਓ. ਨਰਿੰਦਰ ਸਿੰਘ ਖਹਿਰਾ, ਸੁਖਵਿੰਦਰ ਸਿੰਘ ਐੱਸ. ਐੱਚ. ਓ. ਸ੍ਰੀ ਹਰਗੋਬਿੰਦਪੁਰ ਸਾਹਿਬ, ਗਗਨਦੀਪ ਸਿੰਘ ਐੱਸ. ਐੱਚ. ਓ. ਘੁਮਾਣ, ਗੁਰਮੀਤ ਸਿੰਘ ਐੱਸ. ਐੱਚ. ਓ. ਕਾਦੀਆਂ, ਹਰਮੀਕ ਸਿੰਘ ਐੱਸ. ਐੱਚ. ਓ. ਰੰਗੜ ਨੰਗਲ ਸਮੇਤ ਪੁਲਸ ਪਾਰਟੀ ਮੌਜੂਦ ਸੀ।

ਇਸ ਮੌਕੇ ਗੁਰਪ੍ਰਤਾਪ ਸਿੰਘ ਸਹੋਤਾ ਐੱਸ. ਪੀ. (ਡੀ) ਨੇ ਦੱਸਿਆ ਕਿ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਦੀ ਅਗਵਾਈ ’ਚ ਬਟਾਲਾ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਵਿਰੁੱਧ ਲਗਾਤਾਰ ਸਖ਼ਤੀ ਵਰਤੀ ਜਾ ਰਹੀ ਹੈ ਅਤੇ ਜੋ ਲੋਕ ਕਿਸੇ ਕਰਨ ਨਸ਼ਿਆਂ ਦੇ ਜਾਲ ’ਚ ਫਸ ਗਏ ਹਨ, ਉਨ੍ਹਾਂ ਦਾ ਨਸ਼ਾ ਛੁਡਾਊ ਕੇਂਦਰਾਂ ’ਚ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਨਸ਼ਾ ਸਮੱਗਲਰ ਅੰਮ੍ਰਿਤਪਾਲ ਸਿੰਘ ਖਿਲਾਫ ਦੇ ਖਿਲਾਫ਼ ਵੱਖ-ਵੱਖ ਥਾਣਿਆਂ ’ਚ ਮੁਕੱਦਮੇ ਦਰਜ ਹਨ ਅਤੇ ਇਸ ਵੇਲੇ ਸੇਂਟਰਲ ਜੇਲ ਗੁਰਦਾਸਪੁਰ ’ਚ ਬੰਦ ਹੈ। ਇਸ ਉੱਪਰ ਐੱਨ. ਡੀ. ਪੀ. ਐੱਸ. ਤਹਿਤ 3 ਪਰਚਿਆਂ ਸਮੇਤ ਡਕੈਟੀ ਤੇ ਚੋਰੀ ਆਦਿ ਦੇ ਮੁਕੱਦਮੇ ਵੀ ਦਰਜ ਹਨ। ਉਨ੍ਹਾਂ ਦੱਸਿਆ ਕਿ ਉਸਦੀ ਪਤਨੀ ਅਤੇ ਇਸਦੇ ਦੋ ਭਰਾਵਾਂ ਉੱਪਰ ਵੀ ਐੱਨ. ਡੀ. ਪੀ. ਐੱਸ. ਤਹਿਤ ਮੁਕੱਦਮੇ ਹਨ। ਇਸਦੀ ਪਤਨੀ ਅਤੇ ਇਕ ਭਰਾ ਜੇਲ ’ਚ ਬੰਦ ਹੈ ਅਤੇ ਇਕ ਭਰਾ ਭਗੌੜਾ ਹੈ।

ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਵੱਲੋਂ ਨਸ਼ੇ ਦੀ ਕਮਾਈ ਨਾਲ ਇਹ ਉਸਾਰੀ ਕੀਤੀ ਗਈ ਸੀ, ਜਿਸਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ’ਚ ਢਾਹਿਆ ਗਿਆ ਹੈ।

ਐੱਸ. ਪੀ. ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਸਪੱਸ਼ਟ ਹਦਾਇਤਾਂ ਹਨ ਕਿ ਜੋ ਵੀ ਵਿਅਕਤੀ ਨਸ਼ਾ ਸਮੱਗਲਿੰਗ ਦੇ ਧੰਦੇ ’ਚ ਸ਼ਾਮਲ ਹੈ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨਸ਼ਾ ਸਮੱਗਲਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਵੀ ਵਿਅਕਤੀ ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ’ਚ ਸ਼ਾਮਲ ਹੈ, ਉੁਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ ਠੋਸ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ ਨਸ਼ਾ ਸਮੱਗਲਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾ ਰਿਹਾ ਹੈ।

Read More : ਜਲੰਧਰ ਹਸਪਤਾਲ ’ਚ ਆਕਸੀਜਨ ਬੰਦ ਹੋਣ ਦੇ ਮਾਮਲੇ ’ਚ 3 ਡਾਕਟਰ ਮੁਅੱਤਲ

Leave a Reply

Your email address will not be published. Required fields are marked *