ਅਮਰਜੋਤ ਸਿੰਘ

ਦੋ ਵਾਰ ਵੀਜ਼ਾ ਰਿਜੈਕਟ ਹੋਣ ’ਤੇ 19 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਆਸਟ੍ਰੇਲੀਆ ਨਾ ਜਾ ਸਕਣ ਕਾਰਨ ਡਿਪ੍ਰੈਸ਼ਨ ’ਚ ਸੀ ਅਮਰਜੋਤ ਸਿੰਘ, ਸਟੋਰ ’ਚ ਫਾਹਾ ਲੈ ਕੇ ਦਿੱਤੀ ਜਾਨ

ਲੁਧਿਆਣਾ, 25 ਮਾਰਚ : ਜ਼ਿਲਾ ਲੁਧਿਆਣਾ ਵਿਚ ਲਾਡੋਵਾਲ ਅਧੀਨ ਆਉਂਦੇ ਪਿੰਡ ਚਾਹੜ ’ਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ 19 ਸਾਲਾ ਨੌਜਵਾਨ ਨੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਨਾ ਹੋਣ ਕਾਰਨ ਮੌਤ ਨੂੰ ਗਲੇ ਲਗਾ ਲਿਆ। ਮ੍ਰਿਤਕ ਦੀ ਪਛਾਣ ਅਮਰਜੋਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਜੋਂ ਹੋਈ ਹੈ।

ਜਾਂਚ ਅਧਿਕਾਰੀ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਅਮਰਜੋਤ ਸਿੰਘ ਆਸਟ੍ਰੇਲੀਆ ਜਾਣਾ ਚਾਹੁੰਦਾ ਸੀ ਪਰ ਦੋ ਵਾਰ ਵੀਜ਼ਾ ਰਿਜੈਕਟ ਹੋਣ ਕਾਰਨ ਉਹ ਪਿਛਲੇ ਚਾਰ ਮਹੀਨਿਆਂ ਤੋਂ ਗੰਭੀਰ ਮਾਨਸਿਕ ਪਰੇਸ਼ਾਨੀ (ਡਿਪ੍ਰੈਸ਼ਨ) ’ਚ ਸੀ। ਉਸ ਦਾ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਤੋਂ ਇਲਾਜ ਵੀ ਚੱਲ ਰਿਹਾ ਸੀ। ਮ੍ਰਿਤਕ ਦੇ ਭਰਾ ਨਵਜੋਤ ਸਿੰਘ ਅਨੁਸਾਰ, ਅਮਰਜੋਤ ਦੇ ਕਈ ਦੋਸਤ ਵਿਦੇਸ਼ ਜਾ ਚੁੱਕੇ ਸਨ, ਜਿਸ ਕਾਰਨ ਉਹ ਵੀ ਉੱਥੇ ਜਾਣ ਲਈ ਕਾਫੀ ਉਤਸ਼ਾਹਿਤ ਸੀ ਪਰ ਸਫ਼ਲਤਾ ਨਾ ਮਿਲਣ ਕਾਰਨ ਉਹ ਪਰਿਵਾਰ ਨਾਲ ਵੀ ਬਹੁਤ ਘੱਟ ਗੱਲਬਾਤ ਕਰਦਾ ਸੀ।

ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਜਦੋਂ ਅਮਰਜੋਤ ਆਪਣੇ ਕਮਰੇ ’ਚ ਨਾ ਆਇਆ, ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ। ਤਲਾਸ਼ ਦੌਰਾਨ ਅਮਰਜੋਤ ਘਰ ਦੇ ਸਟੋਰ ’ਚ ਫਾਹੇ ਨਾਲ ਲਟਕਦਾ ਮਿਲਿਆ। ਪੁਲਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Read More : ਰਾਜਾ ਵੜਿੰਗ ਦੇ ‘ਯੂ-ਟਰਨ’ ’ਤੇ ਮਜੀਠੀਆ ਨੇ ਕਾਂਗਰਸ ਹਾਈਕਮਾਂਡ ਤੋਂ ਮੰਗਿਆ ਸਪੱਸ਼ਟੀਕਰਨ

Leave a Reply

Your email address will not be published. Required fields are marked *