– 11 ਨੂੰ ਦੋਵੇ ਬਾਰਡਰਾਂ ਅਤੇ ਸਮੁਚੇ ਦੇਸ਼ ਵਿਚ ਮੋਰਚੇ ਦੀ ਜਿੱਤ ਲਈ ਹੋਵੇਗਾ ਅਰਦਾਸ ਸਮਾਗਮ,
ਕੇਂਦਰ ਦੀ ਭਾਜਪਾ ਕਿਸਾਨਾਂ ਨੂੰ ਮਾਰਨ ‘ਤੇ ਉਤਾਰੂ ਹੋ ਚੁਕੀ : ਪੰਧੇਰ
ਪਟਿਆਲਾ, 10 ਦਸੰਬਰ : ਕੇਂਦਰ ਸਰਕਾਰ ਵਲੋ ਪਿਛਲੇ ਦੋ ਦਿਨਾਂ ਤੋਂ ਕੋਈ ਵੀ ਗੱਲਬਾਤ ਦਾ ਸੱਦਾ ਨਾ ਆਉਣ ‘ਤੇ ਅੱਜ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਤੇ ਹੋਰਨਾਂ ਨੇ ਐਲਾਨ ਕੀਤਾ ਕਿ 14 ਦਸੰਬਰ ਨੂੰ ਕਿਸਾਨ ਪੂਰੀ ਮਜਬੂਤੀ ਨਾਲ ਦਿੱਲੀ ਵੱਲ ਕੂਚ ਕਰਨਗੇ।
ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਆਖਿਆ ਕਿ 11 ਦਸੰਬਰ ਨੂੰ ਸ਼ੰਭੂ ਤੇ ਖਨੋਰੀ ਬਾਰਡਰਾਂ ਉਪਰ ਮੋਰਚੇ ਦੀ ਜਿੱਤ ਲਈ ਅਰਦਾਸ ਸਮਾਗਮ ਹੋਣਗੇ, ਨਾਲ ਹੀ ਉਨ੍ਹਾਂ ਸਮੁਚੇ ਦੇਸ ਵਾਸੀਆਂ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਸਾਹਿਬਾਨ, ਮੰਦਰਾਂ, ਮਸਜਿਦਾਂ ਤੇ ਗਿਰਜਾਘਰਾਂ ਅੰਦਰ ਅਤੇ ਹੋਰ ਧਾਰਮਿਕ ਸੰਸਥਾਨਾ ਵਿਚ ਮੋਰਚੇ ਦੀ ਜਿੱਤ ਲਈ ਅਰਦਾਸ ਕਰਨ ਅਤੇ ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡਲੇਵਾਲ ਦੀ ਸਿਹਤਬੰਦੀ ਲਈ ਵੀ ਅਰਦਾਸ ਕਰਨ।
ਸਰਵਨ ਸਿੰਘ ਪੰਧੇਰ ਨੇ ਆਖਿਆ ਕਿ 12 ਦਸੰਬਰ ਨੂੰ ਮਰਨ ਵਰਤ ‘ਤੇ ਬੈਠੇ ਕਿਸਾਨ ਨੇਤਾ ਜਗੀਜਤ ਸਿੰਘ ਡਲੇਵਾਲ ਦੇ ਹਕ ਵਿਚ ਸਾਰੇ ਦੇਸ਼ ਵਾਸੀ ਰਾਤ ਨੂੰ ਇੱਕ ਵੇਲੇ ਦਾ ਖਾਣਾ ਤਿਆਗਣ ਤੇ ਖਾਣਾ ਨਾ ਬਣਾਉਣ ਅਤੇ ਆਪਣੇ ਪਰਿਵਾਰ ਨਾਲ ਆਪਣੀ ਫੋਟੋ ਨੂੰ ਸੋਸਲ ਮੀਡੀਆ ਉਪਰ ਸ਼ੇਅਰ ਕਰਨ। 13 ਦਸੰਬਰ ਨੂੰ ਦੋਵੇ ਬਾਰਡਰਾਂ ‘ਤੇ ਰੋਸ ਪ੍ਰਦਰਸ਼ਲ ਕਰਾਂਗੇ ਤੇ ਇਸ ਤੋ ਬਾਅਦ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਸਵਰਨ ਸਿੰਘ ਪੰਧੇਰ ਤੇ ਹੋਰ ਨੇਤਾਵਾਂ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਕਿਸਾਨਾਂ ਨੂੰ ਮਾਰਨ ‘ਤੇ ਉਤਾਰੂ ਹੋ ਚੁਕੀ ਹੈ। ਸਾਡੇ ਨੇਤਾਵਾਂ ਨੂੰ ਜਿਨਾ ਦੇ ਹੰਝੂ ਗੈਸ ਦੇ ਗੋਲੇ ਲਗੇ ਸਨ, ਉਹ ਗੰਭੀਰ ਜ਼ਖਮੀ ਹਨ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਸਦਾ ਦਿੱਤਾ ਕਿ ਪਹਿਲਾਂ ਦੀ ਤਰ੍ਹਾਂ ਜਿਹੜੀਆਂ ਚੋਣਾਂ ਆ ਰਹੀਆਂ ਹਨ, ਉਨ੍ਹਾ ਵਿਚ ਭਾਜਪਾ ਦੇ ਨੇਤਾਵਾਂ ਨੂੰ ਕਰਾਰੀ ਹਾਰ ਦਿਤੀ ਜਾਵੇ।
ਪੰਧੇਰ ਨੇ ਆਖਿਆ ਕਿ ਹਰਿਆਣਾ ਪੁਲਸ ਕਦੇ ਲਿਸਟ ਮੰਗਦੀ ਹੈ ਤੇ ਕਦੇ ਕੁੱਝ ਮੰਗਦੀ ਹੈ। ਅਸੀ ਲਿਸਟ ਦੇਣ ਲਈ ਤਿਆਰ ਹਾਂ, ਬਸਰਤੇ ਉਹ ਕਿਸਾਂਨਾਂ ਨੂੰ ਪੂਰੀ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਸ ਪ੍ਰਸ਼ਾਸ਼ਨਿਕ ਅਧਿਕਾਰੀ ਕੇਂਦਰ ਵਾਂਗ ਲਗਾਤਾਰ ਵਾਅਦਿਆਂ ਤੋਂ ਮੁਕਰ ਰਹੇ ਹਨ ਤੇ ਕਿਸਾਨਾਂ ਨੂੰ ਗੁੰਮਰਾਹ ਕਰ ਕੇ ਸਮਾਂ ਲੰਘਾਉਣ ਦੀ ਕੋਸ਼ਿਸ਼ ਵਿਚ ਹਨ।
ਪੰਧੇਰ ਨੇ ਆਖਿਆ ਕਿ ਅਸੀ ਜਿਤਣ ਤੱਕ ਲੜਾਈ ਜਾਰੀ ਰਖਾਂਗੇ ਤੇ 14 ਦਸੰਬਰ ਨੂੰ ਪੂਰੀ ਮਜਬੂਤੀ ਨਾਲ ਦਿਲੀ ਵੱਲ ਕੂਚ ਕੀਤਾ ਜਾਵੇਗਾ।
ਹਰਿਆਣਾ ਪੁਲਸ ਬੈਰੀਕੇਟਿੰਗ ਨੂੰ ਹੋਰ ਕਰਨ ਲਈ ਲਗੀ ਮਜ਼ਬੂਤ
ਉਧਰੋ ਕਿਸਾਨਾਂ ਵਲੋ ਮੁੜ ਦਿਲੀ ਕੁਚ ਦੇ ਸੱਦੇ ਨੂੰ ਦੇਖਦਿਆਂ ਹਰਿਆਣਾ ਪੁਲਸ ਨੇ ਸੰਭੂ ਬਾਰਡਰ ‘ਤੇ ਜੋ ਕੰਕਰੀਟ ਦੀਆਂ ਦੀਵਾਰਾਂ ਤੇ ਸ਼ੈਡ ਬਣਾਏ ਹਨ, ਉਹ ਉਨ੍ਹਾਂ ਨੂੰ ਹੋਰ ਮਜਬੂਤ ਕਰਨ ਲਗੀ ਹੈ, ਤਾਂ ਜੋ ਕਿਸੇ ਵੀ ਕਿਸਾਨ ਨੂੰ ਨੇੜੇ ਫੜਕਨ ਨਾ ਦਿਤਾ ਜਾਵੇ।
