ਬਿਨਾਂ ਕੋਚਿੰਗ ਲਏ ਸਖ਼ਤ ਮਿਹਨਤ ਕਰ ਕੇ ਮੋੜਿਆ ਮਾਪਿਆਂ ਦੀ ਮਿਹਨਤ ਦਾ ਮੁੱਲ
ਬੁਢਲਾਡਾ, 28 ਜੁਲਾਈ : ਜ਼ਿਲਾ ਮਾਨਸਾ ਦੇ ਸ਼ਹਿਰ ਬੁਢਲਾਡਾ ਦੀਆਂ ਤਿੰਨ ਸਕੀਆਂ ਭੈਣਾਂ ਨੇ ਇੱਕੋ ਸਮੇਂ ਯੂ.ਜੀ.ਸੀ. ਨੈੱਟ ਪ੍ਰੀਖਿਆ ਪਾਸ ਕਰ ਕੇ ਗਰੀਬ ਮਾਪਿਆਂ ਦੀ ਮਿਹਨਤ ਦਾ ਮੁੱਲ ਮੋੜਿਆ। ਜਿਥੇ ਰਿੰਪੀ, ਬੇਅੰਤ ਅਤੇ ਹਰਦੀਪ ਕੌਰ ਦੀ ਬਹਾਦਰੀ ਦੀ ਇਲਾਕੇ ਵਿਚ ਚਰਚਾ ਰਹੀ ਹੈ, ਉਥੇ ਪੂਰਾ ਜ਼ਿਲਾ ਅਤੇ ਸੂਬਾ ਉਨ੍ਹਾਂ ਦੀ ਪ੍ਰਾਪਤੀ ‘ਤੇ ਮਾਣ ਕਰ ਰਿਹਾ ਹੈ।
ਤਿੰਨ ਭੈਣਾਂ, ਇਕ ਭਰਾ ਅਤੇ ਮਾਪਿਆਂ ਸਮੇਤ 5 ਮੈਂਬਰਾਂ ਵਾਲੇ ਇਸ ਪਰਿਵਾਰ ਦੀ ਵਿੱਤੀ ਹਾਲਤ ਬਹੁਤ ਮਾੜੀ ਸੀ। ਪਿਤਾ ਇਕ ਗੁਰਦੁਆਰੇ ਵਿਚ ਗ੍ਰੰਥੀ ਹੈ ਅਤੇ ਮਾਂ ਇਕ ਦਿਹਾੜੀਦਾਰ ਮਜ਼ਦੂਰ ਹੈ ਪਰ ਮਾਪਿਆਂ ਨੇ ਆਪਣੀਆਂ ਧੀਆਂ ਨੂੰ ਸਿੱਖਿਆ ਦੇਣ ਵਿਚ ਕੋਈ ਕਸਰ ਨਹੀਂ ਛੱਡੀ। ਧੀਆਂ ਨੇ ਵੀ ਸਖ਼ਤ ਮਿਹਨਤ ਦਾ ਰਸਤਾ ਨਹੀਂ ਛੱਡਿਆ ਅਤੇ ਆਪਣੀ ਅਤੇ ਪਰਿਵਾਰ ਦੀ ਕਿਸਮਤ ਬਦਲ ਦਿੱਤੀ।
ਰਿੰਪੀ, ਬੇਅੰਤ ਅਤੇ ਹਰਦੀਪ ਨੇ ਵੱਖ-ਵੱਖ ਵਿਸ਼ਿਆਂ ਵਿਚ ਯੂ. ਜੀ. ਸੀ. ਨੈੱਟ ਪ੍ਰੀਖਿਆ ਪਾਸ ਕੀਤੀ ਹੈ। ਤਿੰਨੋਂ ਭੈਣਾਂ ਦਾ ਸੁਪਨਾ ਹੈ ਕਿ ਉਹ ਜਲਦੀ ਤੋਂ ਜਲਦੀ ਸਹਾਇਕ ਪ੍ਰੋਫ਼ੈਸਰ ਵਜੋਂ ਨੌਕਰੀ ਪ੍ਰਾਪਤ ਕਰਨ ਅਤੇ ਆਪਣੇ ਪਰਿਵਾਰ ਦੇ ਵਿੱਤੀ ਸੰਕਟ ਨੂੰ ਦੂਰ ਕਰਨ।
ਦਰਅਸਲ ਇਸ ਪਰਿਵਾਰ ਦੇ ਮੁੰਡੇ ਅਤੇ ਇਨ੍ਹਾਂ ਤਿੰਨਾਂ ਭੈਣਾਂ ਦੇ ਭਰਾ ਦੀ ਸਿਹਤ ਠੀਕ ਨਹੀਂ ਰਹਿੰਦੀ। ਅਜਿਹੀ ਸਥਿਤੀ ਵਿਚ ਪਰਿਵਾਰ ਅਤੇ ਮਾਪਿਆਂ ਦੀ ਜ਼ਿੰਮੇਵਾਰੀ ਇਨ੍ਹਾਂ ਧੀਆਂ ‘ਤੇ ਹੈ। ਤਿੰਨੋਂ ਭੈਣਾਂ ਨੇ ਬਿਨਾਂ ਕੋਚਿੰਗ ਦੇ ਸਵੈ-ਅਧਿਐਨ ਦੇ ਆਧਾਰ ‘ਤੇ UGC NET ਪ੍ਰੀਖਿਆ ਪਾਸ ਕੀਤੀ ਹੈ। ਰਿੰਪੀ ਨੇ ਕੰਪਿਊਟਰ ਸਾਇੰਸ ਵਿਚ NET ਯੋਗਤਾ ਪ੍ਰਾਪਤ ਕੀਤੀ। ਬੇਅੰਤ ਨੇ ਇਤਿਹਾਸ ਦੀ ਚੋਣ ਕੀਤੀ ਸੀ ਅਤੇ ਸਭ ਤੋਂ ਛੋਟੀ ਭੈਣ ਹਰਦੀਪ ਨੇ ਪੰਜਾਬੀ ਭਾਸ਼ਾ ਦੀ ਚੋਣ ਕੀਤੀ ਸੀ।
ਰਿੰਪੀ ਨੇ ਪਹਿਲਾਂ ਸਾਲ 2024 ਵਿਚ NET ਦੀ ਪ੍ਰੀਖਿਆ ਦਿੱਤੀ ਸੀ ਪਰ ਉਹ ਰੱਦ ਹੋ ਗਈ ਸੀ। ਰਿੰਪੀ ਕੌਰ ਕੋਲ MCA ਦੀ ਡਿਗਰੀ ਹੈ। ਬੇਅੰਤ ਨੇ MA ਤੱਕ ਪੜ੍ਹਾਈ ਕੀਤੀ ਹੈ ਅਤੇ ਹਰਦੀਪ ਨੇ ਪੰਜਾਬੀ ਭਾਸ਼ਾ ਵਿੱਚ MA ਕੀਤੀ ਹੈ।
Read More : ਪੰਜਾਬ ਦੇ ਹਰੇਕ ਖੇਤ ਤੱਕ ਪੁੱਜਦਾ ਕੀਤਾ ਜਾਵੇਗਾ ਨਹਿਰੀ ਪਾਣੀ : ਭਗਵੰਤ ਮਾਨ