ਨਸ਼ਾ ਸੰਕਟ ਇਕ ਰਾਸ਼ਟਰੀ ਅਸਫਲਤਾ ਹੈ, ਪੰਜਾਬ ਦੀ ਨਹੀਂ
ਜਲੰਧਰ, 25 ਜਲਾਈ: ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਪਦਮਸ਼੍ਰੀ ਪਰਗਟ ਸਿੰਘ ਨੇ ਸੰਸਦ ਮੈਂਬਰ ਕੰਗਨਾ ਰਣੌਤ ਦੇ ਹਿਮਾਚਲ ਵਿਚ ਨਸ਼ਿਆਂ ਦੀ ਸਮੱਸਿਆ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਬਿਆਨ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਨਾ ਸਿਰਫ਼ ਇਸਨੂੰ ਤੱਥਹੀਣ ਕਿਹਾ, ਸਗੋਂ ਇਸਨੂੰ ਪੰਜਾਬ ਅਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਭਾਜਪਾ ਦੀ ਇਕ ਖ਼ਤਰਨਾਕ ਰਣਨੀਤੀ ਵੀ ਕਿਹਾ।
ਨਾਰਾਜ਼ਗੀ ਪ੍ਰਗਟ ਕਰਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਹਿਮਾਚਲ ਵਿੱਚ ਨਸ਼ਿਆਂ ਦੀ ਸਮੱਸਿਆ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣਾ ਸਿਰਫ਼ ਅਗਿਆਨਤਾ ਨਹੀਂ ਹੈ, ਸਗੋਂ ਇਹ ਭਾਜਪਾ ਦੀ ਸੋਚ ਨੂੰ ਉਜਾਗਰ ਕਰਦਾ ਹੈ ਜੋ ਲਗਾਤਾਰ ਪੰਜਾਬੀਆਂ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਮੈਂ ਇਸ ਜ਼ਹਿਰੀਲੇ ਅਤੇ ਝੂਠੇ ਬਿਰਤਾਂਤ ਦੀ ਸਖ਼ਤ ਨਿੰਦਾ ਕਰਦਾ ਹਾਂ।
ਪਰਗਟ ਸਿੰਘ ਨੇ ਕਿਹਾ ਕਿ ਕੰਗਨਾ ਅਧੂਰੇ ਅਤੇ ਗਲਤ ਤੱਥਾਂ ‘ਤੇ ਦੋਸ਼ ਲਗਾ ਰਹੀ ਹੈ। ਗਲਤ ਤੱਥ ਦੱਸ ਕੇ ਪੰਜਾਬ ਦੇ ਲੋਕਾਂ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ। ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਿਮਾਚਲ ਵਿਚ ਨਸ਼ਿਆਂ ਦੀ ਸਪਲਾਈ ਲਈ ਸਿਰਫ਼ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣਾ ਇਕ ਸਾਜ਼ਿਸ਼ ਦਾ ਹਿੱਸਾ ਹੈ। ਕੰਗਨਾ ਦੀ ਸੋਚ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਵਿਰੁੱਧ ਰਹੀ ਹੈ।
ਕੰਗਨਾ ਰਣੌਤ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ
ਪਰਗਟ ਸਿੰਘ ਨੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਆਪਣਾ ਬਿਆਨ ਵਾਪਸ ਲੈਣ ਅਤੇ ਪੰਜਾਬ ਦੇ ਲੋਕਾਂ ਤੋਂ ਜਨਤਕ ਤੌਰ ‘ਤੇ ਮੁਆਫ਼ੀ ਮੰਗੇ। ਉਨ੍ਹਾਂ ਭਾਜਪਾ ਲੀਡਰਸ਼ਿਪ ਨੂੰ ਇਹ ਵੀ ਸਪੱਸ਼ਟ ਕਰਨ ਲਈ ਕਿਹਾ ਕਿ ਕੀ ਪਾਰਟੀ ਅਜਿਹੇ ਭੜਕਾਊ ਅਤੇ ਫੁੱਟ ਪਾਊ ਬਿਆਨਾਂ ਦਾ ਸਮਰਥਨ ਕਰਦੀ ਹੈ।
ਜੇਕਰ ਭਾਜਪਾ ਸੱਚਮੁੱਚ ਰਾਸ਼ਟਰੀ ਏਕਤਾ ਵਿੱਚ ਵਿਸ਼ਵਾਸ ਰੱਖਦੀ ਹੈ, ਤਾਂ ਉਸਨੂੰ ਪੰਜਾਬ ਵਿਰੁੱਧ ਝੂਠ ਦੇ ਹਥਿਆਰ ਦੀ ਵਰਤੋਂ ਬੰਦ ਕਰਨੀ ਪਵੇਗੀ। ਇਹ ਸਿਰਫ਼ ਇੱਕ ਰਾਜਨੀਤਿਕ ਬਿਆਨ ਨਹੀਂ ਹੈ, ਇਹ ਪੰਜਾਬ ਦੇ ਸਨਮਾਨ, ਸੱਚਾਈ ਅਤੇ ਮਾਣ ਦਾ ਸਵਾਲ ਹੈ।
ਪੰਜਾਬ ਪੀੜਤ ਹੈ, ਸਰੋਤ ਨਹੀਂ
ਪਰਗਟ ਸਿੰਘ ਨੇ ਸਪੱਸ਼ਟ ਕੀਤਾ ਕਿ ਪੰਜਾਬ ਖੁਦ ਨਸ਼ੇ ਦੀ ਤ੍ਰਾਸਦੀ ਦਾ ਸ਼ਿਕਾਰ ਹੈ, ਇਸਦਾ ਸਰੋਤ ਨਹੀਂ। ਸਾਡੇ ਨੌਜਵਾਨ ਪੀੜ੍ਹੀਆਂ ਤੋਂ ਇਸ ਜ਼ਹਿਰ ਦਾ ਸ਼ਿਕਾਰ ਹੋ ਰਹੇ ਹਨ। ਹਜ਼ਾਰਾਂ ਪਰਿਵਾਰ ਤਬਾਹ ਹੋ ਚੁੱਕੇ ਹਨ। ਪੰਜਾਬ ਹਰ ਰੋਜ਼ ਇਸ ਜ਼ਹਿਰ ਵਿਰੁੱਧ ਲੜ ਰਿਹਾ ਹੈ। ਜ਼ਮੀਨ ‘ਤੇ ਅਤੇ ਅਦਾਲਤਾਂ ਵਿੱਚ ਵੀ। ਅਜਿਹੀ ਸਥਿਤੀ ਵਿੱਚ, ਪੰਜਾਬ ਨੂੰ ਦੋਸ਼ੀ ਠਹਿਰਾਉਣਾ ਇਸਦੇ ਸੰਘਰਸ਼ਾਂ ਦਾ ਅਪਮਾਨ ਹੈ।
ਗੁਜਰਾਤ ਬੰਦਰਗਾਹਾਂ ਨਸ਼ਿਆਂ ਲਈ ਬਣੇਆ ਪ੍ਰਵੇਸ਼ ਦੁਆਰ
ਪਰਗਟ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਗੁਜਰਾਤ ਭਾਰਤ ਵਿੱਚ ਆਉਣ ਵਾਲੇ ਨਸ਼ਿਆਂ ਦਾ ਸਭ ਤੋਂ ਵੱਡਾ ਰਸਤਾ ਬਣ ਗਿਆ ਹੈ। ਗੁਜਰਾਤ ਬੰਦਰਗਾਹਾਂ ਤੋਂ 21000 ਕਰੋੜ ਰੁਪਏ ਤੋਂ ਵੱਧ ਦੇ ਨਸ਼ੇ ਜ਼ਬਤ ਕੀਤੇ ਗਏ ਹਨ। ਕੀ ਕੰਗਨਾ ਰਣੌਤ ਅਤੇ ਭਾਜਪਾ ਵਿੱਚ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਜਰਾਤ ਸਰਕਾਰ ਨੂੰ ਸਵਾਲ ਕਰਨ ਦੀ ਹਿੰਮਤ ਹੈ?
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੋਟਾਂ ਲੈਣ ਦੀ ਗੱਲ ਆਉਂਦੀ ਹੈ, ਤਾਂ ਭਾਜਪਾ ਪੰਜਾਬ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੀ ਹੈ, ਪਰ ਜਦੋਂ ਜ਼ਿੰਮੇਵਾਰੀ ਲੈਣ ਦੀ ਗੱਲ ਆਉਂਦੀ ਹੈ, ਤਾਂ ਪੰਜਾਬ ਸਭ ਤੋਂ ਪਹਿਲਾਂ ਬਦਨਾਮ ਹੁੰਦਾ ਹੈ। ਇਹ ਸਿਰਫ ਰਾਜਨੀਤਿਕ ਮੌਕਾਪ੍ਰਸਤੀ ਹੈ।
Read More : ਗਹਿਣੇ ਬਣਾਉਣ ਦਾ ਕੰਮ ਕਰਦੇ ਵਿਅਕਤੀ ਲਿਆ ਫਾਹਾ