ਇਕ ਏ. ਐੱਸ. ਆਈ. ਤੇ ਇਕ ਪੁਲਸ ਕਾਂਸਟੇਬਲ ਸਮੇਤ 5 ਜ਼ਖਮੀ
ਪੁਲਸ ਨੇ ਆਪਣੇ ਬਚਾਅ ਲਈ ਚਲਾਈਆਂ ਗੋਲੀਆਂ, 24 ਖਿਲਾਫ ਮਾਮਲਾ ਦਰਜ
ਦਸੂਹਾ, 23 ਜੁਲਾਈ : ਜ਼ਿਲਾ ਹੁਸ਼ਿਆਰਪੁਰ ਵਿਚ ਥਾਣਾ ਦਸੂਹਾ ਦੇ ਪਿੰਡ ਘਈਆ (ਬੁੱਧੋਬਰਕਤ) ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਮੰਗਲਵਾਰ ਰਾਤ ਨੂੰ ਨਸ਼ਾ ਸਮੱਗਲਰਾਂ ਨੂੰ ਫੜਣ ਗਏ ਪੁਲਸ ਮੁਲਾਜ਼ਮਾਂ ’ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਬਚਾਅ ਵਿਚ ਪੁਲਸ ਨੇ ਫਾਈਰਿੰਗ ਕੀਤੀ। ਇਸ ਦੌਰਾਨ ਦਸੂਹਾ ਪੁਲਸ ਦੇ ਏ.ਐੱਸ.ਆਈ. ਸਰਬਜੀਤ ਸਿੰਘ ਤੇ ਉਸਦੇ ਸਾਥੀ ਪੁਲਸ ਮੁਲਾਜ਼ਮ ਸੁਖਦੇਵ ਸਿੰਘ ਸਮੇਤ 5 ਲੋਕ ਜ਼ਖਮੀ ਹੋ ਗਏ।
ਇਸ ਸਬੰਧੀ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਏ.ਐੱਸ.ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ 112 ਨੰਬਰ ਤੋਂ ਉਨ੍ਹਾਂ ਨੂੰ ਕਾਲ ਆਈ ਕਿ ਇਸ ਪਿੰਡ ਵਿਚ ਨਿਰੰਜਨ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਬੁੱਧੋਬਰਕਤ ਸਾਬਕਾ ਸਰਪੰਚ ਤੇ ਹੋਰ ਨਸ਼ਾ ਵੇਚਦੇ ਹਨ। ਇਸ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਉਹ ਇਕ ਹੋਰ ਮੁਲਾਜ਼ਮ ਨਾਲ ਮੌਕੇ ’ਤੇ ਪਹੁੰਚ ਗਏ। ਜਦੋਂ ਉਨ੍ਹਾਂ ਦੇ ਘਰ ਪਹੁੰਚੇ ਤਾਂ ਉਨ੍ਹਾਂ ਨਾਲ ਨਸ਼ਿਆਂ ਸਬੰਧੀ ਗੱਲਬਾਤ ਹੋਈ ਤਾਂ ਮੌਕੇ ’ਤੇ ਘਰ ਦੇ ਮਾਲਕ ਨਿਰੰਜਨ ਸਿੰਘ ਤੇ ਉਸ ਦੇ ਘਰ ਵਾਲਿਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਹੋਰ ਲੋਕ ਵੀ ਇਕੱਠੇ ਹੋ ਗਏ।
ਮੌਕੇ ’ਤੇ ਹਲਾਤ ਨੂੰ ਦੇਖਦਿਆਂ ਆਪਣੇ ਬਚਾਓ ਲਈ ਉਨ੍ਹਾਂ ਨੂੰ ਗੋਲੀਆਂ ਚਲਾਉਣੀਆਂ ਪਈਆਂ। ਸਿੱਟੇ ਵਜੋਂ ਨਿਰੰਜਨ ਸਿੰਘ ਤੇ ਭੁਪਿੰਦਰ ਸਿੰਘ ਦੇ ਲੱਤਾਂ ’ਤੇ ਗੋਲੀਆਂ ਲੱਗੀਆਂ ਤੇ ਹਰਵਿੰਦਰ ਸਿੰਘ ਦੇ ਬਾਂਹ ’ਤੇ ਛਰ੍ਹੇ ਲੱਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਮੈਨੂੰ ਬੰਦੀ ਬਣਾ ਲਿਆ ਸੀ। ਸੂਚਨਾ ਮਿਲਣ ’ਤੇ ਥਾਣਾ ਮੁਖੀ ਦਸੂਹਾ ਰਜਿੰਦਰ ਸਿੰਘ ਮਿਨਹਾਸ ਡੀ.ਐੱਸ.ਪੀ. ਦਸੂਹਾ ਬਲਵਿੰਦਰ ਸਿੰਘ ਜੌੜਾ ਮੌਕੇ ’ਤੇ ਹੋਰ ਪੁਲਸ ਪਾਰਟੀ ਨਾਲ ਪਹੁੰਚੇ। ਉਨ੍ਹਾਂ ਨੇ ਸਾਨੂੰ ਦੋਹਾਂ ਮੁਲਾਜ਼ਮਾਂ ਨੂੰ ਇਨ੍ਹਾਂ ਦੇ ਚੁੰਗਲ ਵਿਚੋਂ ਛੁਡਵਾਇਆ ਅਤੇ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ। ਇਸ ਦੇ ਨਾਲ ਹੀ ਜ਼ਖਮੀ ਹੋਏ ਨਿਰੰਜਨ ਸਿੰਘ ਪੁੱਤਰ ਬਲਕਾਰ ਸਿੰਘ ਨਿਵਾਸੀ ਬੁੱਧੋਬਰਕਤ, ਸਾਬਕਾ ਸਰਪੰਚ ਭੁਪਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਘਈਆ ਤੇ ਹਰਵਿੰਦਰ ਸਿੰਘ ਨੂੰ ਵੀ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲਾ ਕਰਵਾਇਆ ਗਿਆ
ਹਰਵਿੰਦਰ ਸਿੰਘ ਨੂੰ ਮੁੱਢਲੀ ਸਹਾਇਤ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ ਨਿਰੰਜਣ ਸਿੰਘ ਤੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਨੂੰ ਜਲੰਧਰ ਵਿਖੇ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਗੋਲੀ ਚੱਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਗਿਆ।
ਇਸ ਸਬੰਧ ਵਿਚ ਡੀ. ਐੱਸ. ਪੀ. ਦਸੂਹਾ ਬਲਵਿੰਦਰ ਸਿੰਘ ਜੌੜਾ ਨੇ ਕਿਹਾ ਕਿ ਏ.ਐੱਸ.ਆਈ. ਸਰਬਜੀਤ ਸਿੰਘ ਗੰਭੀਰ ਜ਼ਖਮੀ ਹੋਇਆ ਹੈ। ਜਿਸ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ ਅਤੇ ਇਕ ਹੋਰ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਏ.ਐੱਸ.ਆਈ. ਸਰਬਜੀਤ ਸਿੰਘ ਦੀ ਕੁੱਟਮਾਰ ਕੀਤੀ, ਵਰਦੀ ਪਾੜੀ ਗਈ ਅਤੇ ਰਿਵਾਲਵਰ ਖੋਹਣ ਦੀ ਕੋਸ਼ਿਸ ਕੀਤੀ। ਜਿਸ ਦੌਰਾਨ ਉਸ ਨੂੰ ਆਪਣੀ ਸੁਰੱਖਿਆ ਲਈ ਗੋਲੀ ਚਲਾਉਣੀ ਪਈ, ਜਿਸ ਨਾਲ ਤਿੰਨ ਵਿਅਕਤੀ ਜ਼ਖਮੀ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਚਾਰ ਨਾਮਜ਼ਦ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿਚ ਨਿਰੰਜਣ ਸਿੰਘ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਕਰੀਬ 20 ਅਣਪਛਾਤੇ ਵਿਅਕਤੀ ਸ਼ਾਮਲ ਹਨ। ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Read More : ਸਰਹੱਦ ਪਾਰੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ 4 ਗ੍ਰਿਫ਼ਤਾਰ