ਘਰ ਗਹਿਣੇ ਰੱਖ ਕੇ ਏਜੰਟ ਨੂੰ ਦਿੱਤੇ ਸਨ ਪੈਸੇ
ਅੰਮ੍ਰਿਤਸਰ, 23 ਜੁਲਾਈ :– ਜ਼ਿਲਾ ਅੰਮ੍ਰਿਤਸਰ ਵਿਚ ਵਿਦੇਸ਼ ਨਾ ਭੇਜਣ ’ਤੇ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਰਾਜਨ ਸਿੰਘ ਵਾਸੀ ਅਜਨਾਲਾ ਦਾ ਰਹਿਣ ਵਾਲਾ ਹੈ, ਜਿਸ ਨੇ ਵਿਦੇਸ਼ ਜਾਣ ਲਈ ਆਪਣਾ ਘਰ ਗਹਿਣੇ ਰੱਖ ਕੇ ਇਕ ਟ੍ਰੈਵਲ ਏਜੰਟ ਨੂੰ 3 ਲੱਖ ਰੁਪਏ ਦਿੱਤੇ ਸਨ ਪਰ ਏਜੰਟ ਨੇ ਉਸ ਨਾਲ ਧੋਖਾ ਕੀਤਾ ਅਤੇ ਉਹ ਵਿਦੇਸ਼ ਨਹੀਂ ਜਾ ਸਕਿਆ, ਜਿਸ ਕਾਰਨ ਉਸ ਨੇ ਮਾਨਸਿਕ ਤਣਾਅ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਫਿਲਹਾਲ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੀ ਹਿਰਾਸਤ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਥਾਣਾ ਅਜਨਾਲਾ ਦੇ ਇੰਸਪੈਕਟਰ ਮੁਖਤਿਆਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮ੍ਰਿਤਕ ਰਾਜਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣਾ ਘਰ ਗਹਿਣੇ ਰੱਖ ਕੇ ਏਜੰਟ ਨੂੰ ਪੈਸੇ ਦਿੱਤੇ ਸਨ, 2 ਸਾਲ ਬਾਅਦ ਵੀ ਏਜੰਟ ਉਸ ਨੂੰ ਵਿਦੇਸ਼ ਨਹੀਂ ਭੇਜ ਸਕਿਆ। ਪਰਿਵਾਰ ਅਜੇ ਵੀ ਵਿਆਜ ਸਮੇਤ ਲਏ ਕਰਜ਼ੇ ਦੇ ਪੈਸੇ ਅਦਾ ਕਰ ਰਿਹਾ ਹੈ। ਇਹ ਵੀ ਦੋਸ਼ ਹੈ ਕਿ ਮੁਲਜ਼ਮਾਂ ਨੇ ਉਨ੍ਹਾਂ ਦੇ ਪੈਸਿਆਂ ਨਾਲ ਆਪਣੀ ਲੜਕੀ ਨੂੰ ਵਿਦੇਸ਼ ਭੇਜ ਦਿੱਤਾ, ਜਦੋਂ ਵੀ ਉਹ ਏਜੰਟ ਤੋਂ ਆਪਣੇ ਪੈਸੇ ਮੰਗਦੇ ਸਨ, ਉਸ ਨੇ ਵਾਪਸ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Read More : ਧਨਬਾਦ ਵਿਚ ਕੋਲਾ ਖਾਨ ਡਿੱਗੀ, 9 ਮਜਦੂਰਾਂ ਦੀ ਮੌਤ