100 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿਚ ਲਿਆ
ਪਟਿਆਲਾ, 23 ਜਲਾਈ : ਜ਼ਿਲਾ ਪਟਿਆਲਾ ਵਿਚ ਥਾਣਾ ਪਸਿਆਣਾ ਅਧੀਨ ਆਉਂਦੇ ਪਿੰਡ ਜਾਹਲਾ ਵਿਖੇ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ ਹੋ ਗਏ ਹਨ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਖਦੇੜਨ ਲਈ ਹਲਕਾ ਲਾਠੀਚਾਰਜ ਵੀ ਕੀਤਾ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਤੇ ਕਿਸਾਨ ਔਰਤਾਂ ਨੂੰ ਗ੍ਰਿਫ਼ਤਾਰ ਕਰ ਕੇ ਦੂਰ ਦੂਰਾਡੇ ਲੈ ਜਾਇਆ ਗਿਆ ।
ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਉਤਰੀ ਬਾਈਪਾਸ ਲਈ ਜਾਹਲਾ ਪਿੰਡ ਦੀ ਜ਼ਮੀਨ ਐਕਵਾਇਰ ਕੀਤੀ ਸੀ, ਜਿਸ ਵਿਚੋਂ 18 ਏਕੜ ਜ਼ਮੀਨ ਦਾ ਰੌਲਾ ਸੀ। ਕਿਸਾਨਾਂ ਦਾ ਤਰਕ ਹੈ ਕਿ ਇਸ ਜ਼ਮੀਨ ਵਿਚ ਉਹ ਪਿਛਲੇ ਕਈ ਦਹਾਕਿਆਂ ਤੋਂ ਖੇਤੀ ਕਰ ਰਹੇ ਹਨ ਤੇ ਇਸਦਾ ਮੁਆਵਜ਼ਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ ਜਦੋ ਕਿ ਪ੍ਰਸ਼ਾਸਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜ਼ਮੀਨ ਸਰਕਾਰੀ ਹੈ, ਜਿਸਦੇ ਪੈਸੇ ਕੋਰਟ ਰਾਹੀ ਜਮ੍ਹਾ ਕਰਵਾਏ ਜਾਣਗੇ।
ਇਸ ਮਸਲੇ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਇਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਧਰਨਾ ਵੀ ਦਿੱਤਾ ਜਾ ਰਿਹਾ ਸੀ ਪਰ ਬੁੱਧਵਾਰ ਨੂੰ ਤੜਕ ਸਵੇਰੇ ਪ੍ਰਸ਼ਾਸਨ ਨੇ ਪੁਲਿਸ ਫੋਰਸ ਦੀ ਮਦਦ ਨਾਲ ਕਬਜ਼ਾਕਾਰੀ ਆਰੰਭੀ ਗਈ।
ਇਸ ਸਬੰਧੀ ਸੁਖਵਿੰਦਰ ਸਿੰਘ ਬਾਰਨ ਜ਼ਿਲਾ ਜਨਰਲ ਸਕੱਤਰ ਪਟਿਆਲਾ ਨੇ ਆਖਿਆ ਕਿ ਪਿੰਡ ਜਾਹਲਾਂ ਵਿਚ ਪ੍ਰਸ਼ਾਸਨ ਨੇ ਧੱਕੇ ਦੇ ਨਾਲ ਕਿਸਾਨਾਂ ਦੇ ਤਸ਼ੱਦਦ ਕੀਤਾ ਹੈ ਬਾਈਪਾਸ ਬਣਾਉਣ ਨੂੰ ਲੈ ਕੇ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਜਾ ਰਿਹਾ ਹੈ। 18 ਏਕੜ ਜ਼ਮੀਨ ਬਾਈਪਾਸ ਦੇ ਵਾਸਤੇ ਮੰਗੀ ਜਾ ਰਹੀ ਹੈ ਤੇ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਹਨਾਂ ਕਿਹਾ ਕਿ ਸਰਕਾਰ ਨੇ ਕੋਰਟ ਵਿਚ ਕਿਹਾ ਕਿ ਡੇਰਾਵਾਦ ਅਸੀਂ 1952 ਦੇ ਵਿੱਚ ਖਤਮ ਕਰ ਦਿੱਤਾ ਸੀ।
ਪਹਿਲਾਂ ਵੀ ਅਕਸਰ ਡੇਰੇ ਦੇ ਮਹੰਤ ਆਤਮਾ ਰਾਮ ਅਤੇ ਕਿਸਾਨਾਂ ਵਿਚ ਇਸ ਜ਼ਮੀਨ ਨੂੰ ਲੈ ਕੇ ਝਗੜਾ ਚਲਦਾ ਰਹਿੰਦਾ ਤੇ ਹੁਣ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਨੋਟੀਫਿਕੇਸ਼ਨ ਦਿੱਤੇ ਇਸ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਜਾ ਰਿਹਾ ਹੈ, ਜਿਸ ਵਿਚ 100 ਦੇ ਕਰੀਬ ਕਿਸਾਨ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਨ ਤੇ 4 ਬੱਸਾਂ ਭਰ ਕੇ ਕਿਸਾਨਾਂ ਨੂੰ ਲੈ ਗਏ ਹਨ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਕੁਝ ਕਿਸਾਨਾਂ ਨਾਲ ਕੁੱਟਮਾਰ ਵੀ ਕੀਤੀ ਹੈ, ਜਿਨਾਂ ਦੀਆਂ ਵੀਡੀਓ ਵੀ ਆ ਰਹੀਆਂ ਹਨ।
Read More : ਮਹਿਲਾ ਨਸ਼ਾ ਸਮੱਗਲਰ ਦੇ ਪਰਿਵਾਰ ’ਤੇ ਐਕਸ਼ਨ
