ਕਿਹਾ-ਸ਼ਹੀਦੀ ਸ਼ਤਾਬਦੀਆਂ ਤੋਂ ਸਰਕਾਰ ਸੇਧ ਲਵੇ
ਸ੍ਰੀ ਅਨੰਦਪੁਰ ਸਾਹਿਬ, 22 ਜੁਲਾਈ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਮੁੱਖ ਮੰਤਰੀ ਪਹਿਲਾਂ ਸਾਬਤ ਸਰੂਪ ਹੋਣ ਤੇ ਅੰਮ੍ਰਿਤ ਛਕਣ।
ਜਥੇਦਾਰ ਨੇ ਕਿਹਾ ਕਿ ਸਰਕਾਰ ਕਿਵੇਂ ਨਗਰ ਕੀਰਤਨ ਕੱਢੇਗੀ ? ਕੀ ਮੁੱਖ ਮੰਤਰੀ ਪੂਰੇ ਸਿੱਖ ਨੇ ? ਜੇ ਗੁਰੂ ਸਾਹਿਬ ਦੀਆਂ ਸਿਖਿਆਵਾਂ ਨੂੰ ਮੰਨਣ ਦੀ ਗੱਲ ਹੈ ਤਾਂ ਪਹਿਲਾਂ ਮੁੱਖ ਮੰਤਰੀ ਸਾਬਤ ਸਰੂਪ ਹੋਣ ਤੇ ਅੰਮ੍ਰਿਤ ਛਕਣ ,ਜੇ ਗੁਰੂ ਨੂੰ ਮੰਨਦੇ ਹਨ।
ਜਥੇਦਾਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਹੈ। ਜੇ ਸਰਕਾਰ ਗੁਰੂ ਨੂੰ ਐਨਾ ਹੀ ਪਿਆਰ ਕਰਦੀ ਹੈ ਤਾਂ ਭਾਈ ਮਤੀ ਦਾਸ ਤੋਂ ਸੇਧ ਲੈਣ ,ਉਹ ਸਿੱਖੀ ਦੇ ਲਈ ਆਰੇ ਨਾਲ ਚੀਰੇ ਗਏ , ਭਾਈ ਦਿਆਲਾ ਜੀ ਸਿੱਖੀ ਲਈ ਦੇਗ ‘ਚ ਉਬਾਲੇ ਗਏ ,ਭਾਈ ਸਤੀ ਦਾਸ ਜੀ ਨੂੰ ਰੂੰ ਦੇ ਵਿਚ ਲਪੇਟ ਕੇ ਸ਼ਹੀਦ ਕੀਤਾ ਗਿਆ। ਮੁੱਖ ਮੰਤਰੀ ਅਤੇ ਮੰਤਰੀ ਇਨ੍ਹਾਂ ਤੋਂ ਸੇਧ ਲੈ ਕੇ ਸਿੱਖੀ ਧਾਰਨ ਕਰਨ। ਸ਼ਹੀਦੀ ਸ਼ਤਾਬਦੀਆਂ ਤੋਂ ਸਰਕਾਰ ਸੇਧ ਲਵੇ ਅਤੇ ਸੇਧ ਲੈ ਕੇ ਮੁੱਖ ਮੰਤਰੀ ਤੇ ਮੰਤਰੀ ਅੰਮ੍ਰਿਤ ਛਕਣ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼ਹੀਦੀ ਸ਼ਤਾਬਦੀਆਂ ‘ਚ ਸਰਕਾਰ ਨੂੰ ਸਹਿਯੋਗ ਕਰਨਾ ਚਾਹੀਦਾ ,ਪ੍ਰਸ਼ਾਸਨਿਕ ਕੰਮ ਦੇਖਣੇ ਚਾਹੀਦੇ ਹਨ ,ਵੱਖਰੇ ਪ੍ਰੋਗਰਾਮ ਰੱਖਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਹਾਰ ਸਰਕਾਰ ਨੇ ਉਦਾਹਰਣ ਪੇਸ਼ ਕੀਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ 350 ਪ੍ਰਕਾਸ਼ ਪੁਰਬ ‘ਤੇ ਪਟਨਾ ਸਾਹਿਬ ਵਿਖੇ ਸਰਕਾਰ ਨੇ ਉੱਚ ਪੱਧਰੀ ਪ੍ਰਬੰਧ ਦੀ ਮਿਸਾਲ ਪੇਸ਼ ਕੀਤੀ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਕਿਹਾ ਸੀ ਕਿ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਇਤਿਹਾਸਕ ਮੌਕੇ ਸੂਬਾ ਸਰਕਾਰ ਵਿਆਪਕ ਪੱਧਰ ’ਤੇ ਯਾਦਗਾਰੀ ਸਮਾਗਮ ਕਰਵਾਏਗੀ। ਸੂਬਾ ਭਰ ਵਿਚ 19 ਤੋਂ 25 ਨਵੰਬਰ 2025 ਤੱਕ ਸ਼ਰਧਾ ਅਤੇ ਸਤਿਕਾਰ ਸਹਿਤ ਲੜੀਵਾਰ ਸਮਾਗਮ ਕਰਵਾਏ ਜਾਣਗੇ। ਮਾਨ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਸੂਬਾ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦਾ ਮੁੱਖ ਕੇਂਦਰ ਹੋਵੇਗੀ।
Read More : ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ 7 ਬੱਕਰੀਆਂ ਦੀ ਮੌਤ