ਸਿਹਤ ਵਿਭਾਗ ਨੇ ਘਰ-ਘਰ ਜਾ ਕੇ ਕੀਤੀ ਸੈਂਪਲਿੰਗ
ਬਨੂੜ, 21 ਜੁਲਾਈ : ਜ਼ਿਲਾ ਮੋਹਾਲੀ ਦੇ ਕਸਬਾ ਬਨੂੜ ਨੇੜੇ ਪਿੰਡ ਚੰਗੇਰਾ ਵਿਖੇ ਡਾਇਰੀਆ ਦੇ 5 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ’ਚ ਇਕ ਮਹਿਲਾ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਾਜਪੁਰਾ ਦੇ ਏ. ਪੀ. ਜੈਨ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਦੋਂ ਕਿ 4 ਮਰੀਜ਼ਾਂ ਦਾ ਘਰ ’ਚ ਹੀ ਇਲਾਜ ਸ਼ੁਰੂ ਕੀਤਾ ਗਿਆ ਹੈ।
ਸਿਹਤ ਵਿਭਾਗ ਵੱਲੋਂ ਡਾ. ਅਾਸ਼ੀਸ਼ ਅਤੇ ਸੀ. ਐੱਚ. ਓ. ਅੰਜੂ ਬਾਲਾ ਦੀ ਅਗਵਾਈ ਹੇਠ 6 ਟੀਮਾਂ ਬਣਾ ਕੇ ਪੀੜਤ ਮਰੀਜ਼ਾਂ ਦੀ ਜਾਂਚ ਲਈ ਭੇਜੀਆਂ ਗਈਆਂ ਹਨ। ਜਦੋਂ ਕਿ ਐੱਸ. ਐੱਮ. ਓ. ਕਾਲੋਮਾਜਰਾ ਪਰਮਜੀਤ ਕੌਰ ਤੇ ਬੀ. ਈ. ਈ. ਦਲਜੀਤ ਕੌਰ ਵੀ ਮੌਕੇ ’ਤੇ ਜਾ ਕੇ ਆਏ ਹਨ।
ਡਾ. ਪਰਮਜੀਤ ਕੌਰ ਨੇ ਦੱਸਿਆ ਕਿ ਅੱਜ ਸਾਰੇ ਪਿੰਡ ਦਾ ਸਰਵੇ ਕਰਵਾਇਆ ਗਿਆ ਤੇ ਘਰ-ਘਰ ਜਾ ਕੇ ਲੋਕਾਂ ਨੂੰ ਕਲੋਰੀਨ, ਜਿੰਕ ਦੀਆਂ ਗੋਲੀਆਂ ਤੇ ਓ. ਆਰ. ਐੱਸ. ਦੇ ਪੈਕਟ ਵੰਡੇ ਗਏ। ਜ਼ਰੂਰਤਮੰਦ ਮਰੀਜ਼ਾਂ ਦੇ ਖੂਨ ਦੇ ਨਮੂਨੇ ਵੀ ਲਏ ਜਾ ਰਹੇ ਹਨ। ਐੱਸ. ਡੀ. ਐੱਮ. ਰਾਜਪੁਰਾ ਦੀਆਂ ਹਦਾਇਤਾਂ ਤਹਿਤ ਪਿੰਡ ’ਚ ਪਾਣੀ ਦੇ ਟੈਂਕਰ ਭੇਜੇ ਗਏ ਹਨ। ਲੋਕਾਂ ਨੂੰ ਉਬਾਲ ਕੇ ਪਾਣੀ ਪੀਣ ਲਈ ਕਿਹਾ ਗਿਆ ਹੈ।
ਐੱਸ. ਐੱਮ. ਓ. ਡਾ. ਪਰਮਜੀਤ ਕੌਰ ਨੇ ਕਿਹਾ ਕਿ ਪਿੰਡ ’ਚ ਆਉਣ ਵਾਲੇ ਦਿਨਾਂ ’ਚ ਵੀ ਇਹ ਸਰਵੇ ਜਾਰੀ ਰਹੇਗਾ ਤੇ ਜ਼ਰੂਰਤਮੰਦ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਜਦੋਂ ਜਲ ਸਪਲਾਈ ਵਿਭਾਗ ਦੇ ਜੇਈ ਨਵਜੋਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਰਾਣੀ ਪਾਈਪਲਾਈਨ ’ਚ ਨਵੀਂ ਪਾਈਪ ਲਾਈਨ ਜੋੜਨ ਕਾਰ ਥੋੜੀ ਬਹੁਤ ਲੀਕੇਜ ਆ ਗਈ ਸੀ, ਜਿਸ ਨੂੰ ਦੇਰ ਸ਼ਾਮ ਬੰਦ ਕਰਵਾ ਕੇ ਪੁੱਟੇ ਗਏ ਖੱਡਿਆਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ।
Read More : ਲੈਂਡ ਪੂਲਿੰਗ ਸਕੀਮ ਬਾਰੇ ਗੁੰਮਰਾਹ ਕਰ ਰਹੀ ਵਿਰੋਧੀ ਧਿਰ : ਮੁੱਖ ਮੰਤਰੀ