20 ਸਾਲਾਂ ਤੋਂ ਕੋਮਾ ਵਿਚ ਸੀ
ਸਾਊਦੀ ਅਰਬ , 20 ਜੁਲਾਈ – ਬੀਤੀ ਰਾਤ ਸਾਊਦੀ ਅਰਬ ਦੇ ਪ੍ਰਿੰਸ ਅਲ ਵਲੀਦ ਬਿਨ ਖਾਲਿਦ ਬਿਨ ਤਲਾਲ ਅਲ ਸਾਊਦ ਦਾ ਦਿਹਾਂਤ ਹੋ ਗਿਆ। ਉਹ ਪਿਛਲੇ 20 ਸਾਲਾਂ ਤੋਂ ਕੋਮਾ ਵਿਚ ਸਨ, ਜਿਨ੍ਹਾਂ ਨੂੰ ‘ਸਲੀਪਿੰਗ ਰਾਜਕੁਮਾਰ’ ਵਜੋਂ ਜਾਣਿਆ ਜਾਂਦਾ ਸੀ।
ਜ਼ਿਕਰਯੋਗ ਹੈ ਕਿ ਪ੍ਰਿੰਸ ਅਲ ਵਲੀਦ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੇ ਇਕ ਸੀਨੀਅਰ ਮੈਂਬਰ ਪ੍ਰਿੰਸ ਖਾਲਿਦ ਬਿਨ ਤਲਾਲ ਦੇ ਪੁੱਤਰ ਅਤੇ ਅਰਬਪਤੀ ਪ੍ਰਿੰਸ ਅਲ ਵਲੀਦ ਬਿਨ ਤਲਾਲ ਦੇ ਭਤੀਜੇ ਸਨ। ਉਨ੍ਹਾਂ ਦਾ ਜਨਮ ਅਪ੍ਰੈਲ 1990 ਵਿਚ ਹੋਇਆ ਸੀ।
2005 ਵਿਚ ਲੰਡਨ ਵਿਚ ਫ਼ੌਜੀ ਸਿਖਲਾਈ ਦੌਰਾਨ ਉਨ੍ਹਾਂ ਦਾ ਇਕ ਭਿਆਨਕ ਸੜਕ ਹਾਦਸਾ ਹੋਇਆ ਸੀ। ਇਸ ਹਾਦਸੇ ਵਿਚ ਉਨ੍ਹਾਂ ਨੂੰ ਦਿਮਾਗ ਵਿਚ ਗੰਭੀਰ ਸੱਟ ਲੱਗੀ ਸੀ ਅਤੇ ਅੰਦਰੂਨੀ ਖੂਨ ਵਹਿ ਗਿਆ। ਇਸ ਤੋਂ ਬਾਅਦ ਉਹ ਕੋਮਾ ਵਿਚ ਚਲੇ ਗਏ ਸਨ। ਹਾਲਾਂਕਿ ਸਾਊਦੀ ਸਰਕਾਰ ਨੇ ਰਾਜਕੁਮਾਰ ਦੇ ਇਲਾਜ ਲਈ ਅਮਰੀਕਾ ਅਤੇ ਸਪੇਨ ਤੋਂ ਮਾਹਰ ਡਾਕਟਰਾਂ ਦੀ ਇਕ ਟੀਮ ਬੁਲਾਈ ਪਰੰਤੂ ਉਹ ਕਦੇ ਵੀ ਪੂਰੀ ਤਰ੍ਹਾਂ ਹੋਸ਼ ਵਿਚ ਨਹੀਂ ਆਇਆ। ਕਦੇ-ਕਦੇ ਉਨ੍ਹਾਂ ਦੇ ਸਰੀਰ ਵਿਚ ਹਰਕਤਾਂ ਵੇਖੀਆਂ ਜਾਂਦੀਆਂ ਸਨ, ਜਿਸ ਕਾਰਨ ਪਰਿਵਾਰ ਆਸਵੰਦ ਰਹਿੰਦਾ ਸੀ ਪਰੰਤੂ ਉਹ ਪਿਛਲੇ 20 ਸਾਲਾਂ ਤੋਂ ਕੋਮਾ ਵਿਚ ਸਨ।
ਡਾਕਟਰਾਂ ਨੇ ਉਨ੍ਹਾਂ ਨੂੰ ਡਾਕਟਰੀ ਤੌਰ ‘ਤੇ ਬੇਹੋਸ਼ ਐਲਾਨ ਕਰ ਦਿੱਤਾ ਸੀ। ਉਨ੍ਹਾਂ ਦੇ ਪਿਤਾ ਪ੍ਰਿੰਸ ਖਾਲਿਦ ਨੇ ਇਲਾਜ ਬੰਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਜ਼ਿੰਦਗੀ ਅੱਲ੍ਹਾ ਦੀ ਦੇਣ ਹੈ ਅਤੇ ਸਿਰਫ਼ ਉਹੀ ਇਸ ਨੂੰ ਲੈ ਸਕਦਾ ਹੈ। ਉਦੋਂ ਤੋਂ ਉਨ੍ਹਾਂ ਨੂੰ ਰਿਆਧ ਦੇ ਮਹਿਲ ਦੇ ਇਕ ਵਿਸ਼ੇਸ਼ ਕਮਰੇ ਵਿਚ ਰੱਖਿਆ ਗਿਆ ਸੀ। ਡਾਕਟਰ, ਨਰਸਾਂ ਤੇ ਡਾਕਟਰੀ ਸਹਾਇਤਾ 24 ਘੰਟੇ ਮੌਜੂਦ ਸੀ।
ਪ੍ਰਿੰਸ ਅਲ ਵਲੀਦ ਦੀ ਹਾਲਤ ਬਾਰੇ ਵੀਡੀਉ ਸਮੇਂ-ਸਮੇਂ ‘ਤੇ ਸਾਹਮਣੇ ਆਉਂਦੇ ਰਹਿੰਦੇ ਸਨ। ਇਨ੍ਹਾਂ ਵਿਚ ਉਨ੍ਹਾਂ ਦੇ ਹੱਥਾਂ ਜਾਂ ਪਲਕਾਂ ਦੀਆਂ ਹਰਕਤਾਂ ਵੇਖੀਆਂ ਜਾਂਦੀਆਂ ਸਨ। ਇਸ ਨਾਲ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਇਕ ਦਿਨ ਉਹ ਹੋਸ਼ ਵਿਚ ਆ ਜਾਵੇਗਾ। ‘ਸਲੀਪਿੰਗ ਪ੍ਰਿੰਸ’ ਵਰਗੇ ਹੈਸ਼ਟੈਗ ਸੋਸ਼ਲ ਮੀਡੀਆ ‘ਤੇ ਉਨ੍ਹਾਂ ਬਾਰੇ ਟ੍ਰੈਂਡ ਕਰਦੇ ਰਹਿੰਦੇ ਸਨ।
Read More : ਮੁੱਖ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਦੇ ਮਾਮਲੇ ’ਤੇ ਸਰਬ ਪਾਰਟੀ ਮੀਟਿੰਗ ਬੁਲਾਉਣ : ਬਾਜਵਾ
