ਫਾਇਰ ਬ੍ਰਿਗੇਡ ਨੇ ਪਾਇਆ ਅੱਗ ’ਤੇ ਕਾਬੂ
ਪਟਿਆਲਾ, 17 ਜੁਲਾਈ : ਜ਼ਿਲਾ ਪਟਿਆਲਾ ਦੇ ਕਸਬਾ ਸਨੌਰ ਦੇ ਪਿੰਡ ਨਗਰ ਵਿਚ ਇਕ ਨਸ਼ੇੜੀ ਵਿਅਕਤੀ ਵੱਲੋਂ ਅਾਪਣੇ ਘਰ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਸਨੌਰ ਦੇ ਪਿੰਡ ਨਗਰ ’ਚ ਬੀਤੀ ਰਾਤ 2 ਵਜੇ ਦੇ ਕਰੀਬ ਇਕ ਨਸ਼ੇੜੀ ਵਿਅਕਤੀ ਬਲਵੀਰ ਸਿੰਘ ਨੇ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ ਅਤੇ ਫਰਾਰ ਹੋ ਗਿਆ। ਇਸ ਦੌਰਾਨ ਫ਼ਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਅੱਗ ’ਤੇ ਕਾਬੂ ਪਾਇਆ।
ਬਲਵੀਰ ਸਿੰਘ ਦੀ ਪਤਨੀ ਸੁਨੀਤਾ ਦੇਵੀ ਨੇ ਦੱਸਿਆ ਕਿ ਉਸਦਾ ਪਤੀ ਨਸ਼ੇ ਦਾ ਆਦਿ ਹੈ ਤੇ ਉਹ ਇਕ ਗਰੀਬ ਪਰਿਵਾਰ ਹੈ, ਪਹਿਲਾ ਵੀ ਪਤੀ ਵੱਲੋਂ ਅੱਗ ਲਗਾਈ ਗਈ ਸੀ। ਅੱਜ ਲੱਗੀ ਅੱਗ ਵਿਚ ਕਣਕ, ਕੱਪੜੇ, ਰਾਸ਼ਨ, ਜ਼ਰੂਰੀ ਕਾਗ਼ਜ਼, ਅਾਧਾਰ ਕਾਰਡ, ਬੱਚਿਆਂ ਦੇ ਸਰਟੀਫਿਕੇਟ, ਬੈਂਕ ਦੀ ਕਾਪੀ, ਕੁਝ ਨਕਦੀ ਘਰ ਸੜ ਕੇ ਸੁਆਹ ਹੋ ਗਿਆ।
ਸੁਨੀਤਾ ਦੇਵੀ ਨੇ ਮੱਦਦ ਦੀ ਅਪੀਲ ਕਰਦਿਆਂ ਕਿਹਾ ਕਿ ਉਸ ਦੇ ਨਸ਼ੇੜੀ ਪਤੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਜਿਸ ਤੋਂ ਉਨ੍ਹਾਂ ਨੂੰ ਜਾਨੀ ਨੁਕਸਾਨ ਦਾ ਵੀ ਖਤਰਾ ਹੈ।
ਇਸ ਮੌਕੇ ਪਿੰਡ ਦੇ ਸਰਪੰਚ ਜਰਨੈਲ ਸਿੰਘ ਨੇ ਦੱਸਿਆ ਕਿ ਗਰੀਬ ਪਰਿਵਾਰ ਦੀ ਰਿਸ਼ਤੇਦਾਰਾ ਤੇ ਪਿੰਡ ਵਾਸੀਆਂ ਨੇ ਮੱਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਨਜ਼ਦੀਕੀ ਘਰਾਂ ਵਿਚ ਵੀ ਗੈਸ ਸਿਲੰਡਰ ਪਏ ਹਨ। ਇਹ ਅੱਗ ਰਾਤ ਦੋ ਵਜੇ ਦੇ ਕਰੀਬ ਲਗਾਈ ਗਈ। ਉਨ੍ਹਾਂ ਕਿਹਾ ਕਿ ਬਲਵੀਰ ਸਿੰਘ ਅੱਗ ਲਗਾ ਕੇ ਫਰਾਰ ਹੋ ਗਿਆ, ਜਿਸ ਸਬੰਧੀ ਪੁਲਸ ਸਟੇਸ਼ਨ ਸਨੌਰ ’ਚ ਰਿਪੋਰਟ ਦਰਜ ਕਰਵਾ ਦਿੱਤੀ ਹੈ।
Read More : ਸ੍ਰੀ ਹਰਿਮੰਦਰ ਸਾਹਿਬ ਹਰ ਧਰਮ ਦੇ ਲੋਕਾਂ ਲਈ ਸਦਾ ਤੋਂ ਖੁੱਲ੍ਹਾ ਹੈ : ਸਾਬਕਾ ਜਥੇਦਾਰ