ਫਰੈਂਸਿਕ ਅਤੇ ਪੁਲਿਸ ਟੀਮਾਂ ਜਾਂਚ ’ਚ ਲੱਗੀਆਂ
ਗੁਰਦਾਸਪੁਰ, 17 ਜੁਲਾਈ :-ਅੱਜ ਸਵੇਰੇ ਗੁਰਦਾਸਪੁਰ ਸ਼ਹਿਰ ਦੇ ਬਾਟਾ ਚੌਂਕ ’ਚ ਮੋਟਰਸਾਈਕਲ ਸਵਾਰ 2 ਅਣਪਛਾਤੇ ਨੌਜਵਾਨਾਂ ਨੇ ਪੰਜਾਬ ਵਾਚ ਕੰਪਨੀ ਦੇ ਸ਼ੋਅਰੂਮ ’ਤੇ ਸ਼ਰੇਆਮ ਗੋਲੀਆਂ ਚਲਾਈਆਂ ਹਨ। ਇਸ ਤੋਂਂ ਬਾਅਦ ਪੁਲਿਸ ਅਤੇ ਫੋਰੈਂਸਿਕ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਵਾਚ ਕੰਪਨੀ ਦੇ ਮਾਲਕ ਮਦਨ ਲਾਲ ਨੇ ਦੱਸਿਆ ਕਿ ਅੱਜ ਸਵੇਰੇ ਦੁਕਾਨ ਖੋਲ੍ਹਣ ਤੋਂ ਬਾਅਦ ਕਰੀਬ 9:15 ਵਜੇ ਜਦੋਂ ਉਹ ਆਪਣੇ ਇਕ ਮੁਲਾਜ਼ਮ ਦੇ ਨਾਲ ਦੁਕਾਨ ’ਚ ਮੌਜੂਦ ਸਨ ਤਾਂ ਅਚਾਨਕ ਦੁਕਾਨ ਦੇ ਬਾਹਰ ਪਲਸਰ ਮੋਟਰਸਾਈਕਲ ’ਤੇ ਆਏ 2 ਨੌਜਵਾਨਾਂ ਨੇ ਦੁਕਾਨ ਵੱਲ ਨੂੰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲੀ ਉਨ੍ਹਾਂ ਦੇ ਦੁਕਾਨ ਦੇ ਬਾਹਰ ਲੱਗੇ ਸ਼ੀਸ਼ੇ ’ਚ ਲੱਗੀ, ਜਦੋਂ ਕਿ ਦੂਸਰੀ ਗੋਲੀ ਮਿਸ ਹੋ ਗਈ।
ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਬਾਜ਼ਾਰ ਰਸਤੇ ਹਨੂੰਮਨ ਚੌਂਕ ਵੱਲ ਨੂੰ ਫਰਾਰ ਹੋ ਗਏ। ਉਕਤ ਮੋਟਰਸਾਈਕਲ ਸਵਾਰਾਂ ਨੇ ਕੱਪੜੇ ਨਾਲ ਮੂੰਹ ਢੱਕੇ ਹੋਏ ਸਨ। ਉਨ੍ਹਾਂ ਕਿਹਾ ਕਿ ਗੋਲੀਆਂ ਦੀ ਆਵਾਜ਼ ਸੁਣ ਕੇ ਬਾਜ਼ਾਰ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਵਾਰਦਾਤ ਦੇ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਕੁਝ ਹੀ ਦੇਰ ਬਾਅਦ ਮੌਕੇ ’ਤੇ ਪੁਲਿਸ ਪਹੁੰਚ ਗਈ।
ੁੁਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਝਗੜਾ ਵੀ ਨਹੀਂ ਹੋਇਆ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਵੀ ਵਿਅਕਤੀ ਦੀ ਕੋਈ ਧਮਕੀ ਭਰੀ ਜਾਂ ਸ਼ੱਕੀ ਫੋਨ ਕਾਲ ਆਈ ਸੀ। ਇਸ ਵਾਰਦਾਤ ਦੇ ਤੁਰੰਤ ਬਾਅਦ ਗੁਰਦਾਸਪੁਰ ਪੁਲਿਸ ਨੇ ਫਰੈਂਸਿਕ ਟੀਮਾਂ ਅਤੇ ਹੋਰ ਮਾਹਿਰਾਂ ਨੂੰ ਬੁਲਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ’ਤੇ ਪਹੁੰਚੇ ਐੱਸ. ਐੱਸ. ਪੀ. ਅਾਦਿੱਤਿਆ ਨੇ ਦੱਸਿਆ ਕਿ ਇਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਜ਼ਾਰ ਸਮੇਤ ਹੋਰ ਥਾਵਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੂੰਘਾਈ ਨਾਲ ਘੋਖ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਟੀ ਥਾਣੇ ’ਚ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ ਅਤੇ ਜਲਦੀ ਪੁਲਿਸ ਹਮਲਾਵਰਾਂ ਨੂੰ ਕਾਬੂ ਕਰ ਲਵੇਗੀ।
ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਭਰੋਸਾ ਦਵਾਇਆ ਕਿ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਕਿਸੇ ਵੀ ਦੁਕਾਨਦਾਰ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਇਸ ਘਟਨਾ ਦਾ ਪਤਾ ਲੱਗਣ ’ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੀ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੇ ਜਿਨ੍ਹਾਂ ਨੇ ਦੁਕਾਨਦਾਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਜਲਦੀ ਸਾਰੇ ਦੋਸ਼ੀ ਫੜ ਲਏ ਜਾਣਗੇ।
Read More : ਦਰਿਆ ਵਿਚ ਡੁੱਬਣ ਨਾਲ ਪੰਜਾਬੀ ਨੌਜਵਾਨ ਦੀ ਮੌਤ