ਗੁਰਦਾਸਪੁਰ, 16 ਜੁਲਾਈ : ਜ਼ਿਲਾ ਪੁਲਸ ਗੁਰਦਾਸਪੁਰ ਨੇ ਪਿੰਡ ਢੀਂਢਾ ਸਾਂਸੀਆ ’ਚ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਸਮੱਗਲਰ ਦੇ ਘਰ ’ਤੇ ਪੀਲੇ ਪੰਜਾ ਚਲਾਉਂਦਿਆ ਅਤੇ ਨਸ਼ਿਆਂ ਤੋਂ ਪ੍ਰਾਪਤ ਗੈਰ-ਕਾਨੂੰਨੀ ਪੈਸੇ ਨਾਲ ਬਣੇ ਘਰ ਨੂੰ ਢਾਹ ਦਿੱਤਾ।
ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਪਿੰਡ ਢੀਢਾ ਸਾਂਸੀਆ ’ਚ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਸ ਨੇ ਅੱਜ ਮੁਲਜ਼ਮ ਰਾਜਨ ਉਰਫ਼ ਲਾਡੀ ਦੇ ਘਰ ’ਤੇ ਵੱਡੀ ਕਾਰਵਾਈ ਕਰਦਿਆਂ ਉਸ ਦਾ ਘਰ ਢਾਹ ਦਿੱਤਾ। ਪੁਲਸ ਅਧਿਕਾਰੀਆਂ ਅਨੁਸਾਰ ਰਾਜਨ ਵਿਰੁੱਧ ਨਸ਼ਾ ਸਮੱਗਲਿੰਗ ਦੇ 12 ਮਾਮਲੇ ਦਰਜ ਹਨ ਅਤੇ ਇਸ ਸਮੇਂ ਉਹ ਨਸ਼ਾ ਸਮੱਗਲਰ ਦੇ ਦੋਸ਼ਾਂ ’ਚ ਜੇਲ ’ਚ ਵੀ ਹੈ। ਉਸ ਦੀ ਪਤਨੀ ਵਿਰੁੱਧ ਵੀ ਨਸ਼ਾ ਸਮੱਗਲਿੰਗ ਦੇ 5 ਮਾਮਲੇ ਦਰਜ ਹਨ।
ਇਸ ਸਬੰਧੀ ਡੀ. ਐੱਸ. ਪੀ. ਦੀਨਾਨਗਰ ਰਾਜਿੰਦਰ ਮਿਨਹਾਸ ਨੇ ਦੱਸਿਆ ਕਿ ਇਨ੍ਹਾਂ ਸਮੱਗਲਰਾਂ ਨੇ ਨਹਿਰੀ ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰ ਕੇ ਆਪਣੇ ਆਲੀਸ਼ਾਨ ਘਰ ਬਣਾਏ ਸਨ ਅਤੇ ਲੰਬੇ ਸਮੇਂ ਤੋਂ ਨਸ਼ਾ ਸਮੱਗਲਿੰਗ ’ਚ ਸ਼ਾਮਲ ਸਨ। ਮੁਲਜ਼ਮ ਜੇਲ ਵਿਚ ਹੈ ਅਤੇ ਉਸ ਦੀ ਪਤਨੀ ’ਤੇ ਵੀ ਨਸ਼ਾ ਸਮੱਗਲਿੰਗ ਦੇ 5 ਮਾਮਲੇ ਦਰਜ ਹਨ ਅਤੇ ਉਹ ਜ਼ਮਾਨਤ ’ਤੇ ਵੀ ਬਾਹਰ ਹੈ।
ਇਸ ਤਰ੍ਹਾਂ ਇਸ ਪਿੰਡ ਦੇ 4 ਲੋਕਾਂ ਦੇ ਘਰ ਪਹਿਲਾਂ ਹੀ ਢਾਹ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਕਈ ਹੋਰ ਘਰ ਵੀ ਨਸ਼ਾ ਸਮੱਗਲਿੰਗ ’ਚ ਸ਼ਾਮਲ ਹਨ ਅਤੇ ਜਲਦੀ ਹੀ ਉਨ੍ਹਾਂ ਵਿਰੁੱਧ ਵੀ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿੰਡ ਢੀਢਾ ਸਾਂਸੀਆ ਪਹਿਲਾਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਲਈ ਬਦਨਾਮ ਸੀ ਅਤੇ ਇਸ ਪਿੰਡ ਦੇ ਜ਼ਿਆਦਾਤਰ ਮਰਦਾਂ ਅਤੇ ਔਰਤਾਂ ਵਿਰੁੱਧ ਕਈ ਮਾਮਲੇ ਦਰਜ ਹਨ।
Read More : ਸ੍ਰੀ ਹਰਿਮੰਦਰ ਸਾਹਿਬ ਨੇੜੇ ਖੜ੍ਹੀ ਬਿਨਾਂ ਨੰਬਰ ਵਾਲੀ ਗੱਡੀ ਕਾਰਨ ਮੱਚੀ ਹਫੜਾ-ਦਫੜੀ