ਲੋਹੇ ਦੇ ਮੰਜੇ ਨਾਲ ਪੱਖੇ ਦੀ ਤਾਰ ਲੱਗਣ ਕਾਰਨ ਵਾਪਰੀ ਘਟਨਾ
ਪਾਤੜਾਂ, 16 ਜੁਲਾਈ :- ਅੱਜ ਜ਼ਿਲਾ ਪਟਿਆਲਾ ਦੇ ਪਾਤੜਾਂ ਸ਼ਹਿਰ ਦੇ ਕੇਸ਼ਵ ਨਗਰ ’ਚ ਕਰੰਟ ਲੱਗਣ ਕਾਰਨ 3 ਮਾਸੂਮ ਲੜਕੀਆਂ ਦੀ ਮੌਤ ਹੋ ਗਈ। ਬਿਹਾਰ ਤੋਂ ਪਾਤੜਾਂ ਵਿਖੇ ਕੰਮ ਕਰਨ ਆਏ ਪ੍ਰਵਾਸੀ ਮਜ਼ਦੂਰ ਪਰਿਵਾਰ ਨਾਲ ਸਬੰਧਤ ਹਾਦਸੇ ਦਾ ਸ਼ਿਕਾਰ ਹੋਈਆਂ ਤਿੰਨੋਂ ਲੜਕੀਆਂ ਸਕੀਆਂ ਭੈਣਾਂ ਸਨ, ਜੋ ਹਾਦਸੇ ਸਮੇਂ ਘਰ ’ਚ ਇਕੱਲੀਆਂ ਸਨ।
ਇਹ ਘਟਨਾ ਦੁਪਹਿਰ 2 ਵਜੇ ਦੇ ਕਰੀਬ ਵਾਪਰੀ। ਜਦੋਂ ਕੁੜੀਆਂ ਦੇ ਮਾਪੇ ਕੰਮ ਤੋਂ ਵਾਪਸ ਆਏ ਤਾਂ ਤਿੰਨੋਂ ਧੀਆਂ ਘਰ ਦੇ ਅੰਦਰ ਬੇਹੋਸ਼ ਪਈਆਂ ਸਨ। ਪਤਾ ਲੱਗਾ ਹੈ ਕਿ ਘਰ ’ਚ ਲਾਇਆ ਗਿਆ ਬਿਜਲੀ ਦਾ ਪੱਖਾ ਲੋਹੇ ਦੇ ਮੰਜੇ ਦੇ ਬਹੁਤ ਨੇੜੇ ਸੀ, ਜਿਸ ’ਤੇ ਤਿੰਨੋਂ ਬੱਚੀਆਂ ਸੁੱਤੀਆਂ ਹੋਈਆਂ ਸਨ। ਅਚਾਨਕ ਪੱਖੇ ਦੀ ਤਾਰ ਦੀ ਲੋਹੇ ਦੇ ਮੰਜੇ ਦੇ ਇਕ ਹਿੱਸੇ ਨੂੰ ਲੱਗ ਗਈ, ਜਿਸ ਕਾਰਨ ਲੋਹੇ ਦੇ ਮੰਜੇ ’ਚ ਕਰੰਟ ਆ ਗਿਆ। ਕਰੰਟ ਲੱਗਣ ਦੀ ਇਸ ਘਟਨਾ ਨਾਲ ਮੰਜੇ ’ਤੇ ਸੁੱਤੀਆਂ ਪਈਆਂ ਤਿੰਨੋਂ ਸਕੀਆਂ ਭੈਣਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕ ਲੜਕੀਆਂ ਦੀ ਪਛਾਣ ਨਗਮਾ ਖਾਤਿਮ (7), ਰੁਕਸਾਰ ਖਾਤਿਮ (5) ਅਤੇ ਖੁਸ਼ੀ ਖਾਤਿਮ (3) ਪੁੱਤਰੀਆਂ ਮੁਹੰਮਦ ਫਾਰੂਕਦੀਨ ਪੁੱਤਰ ਮੁਹੰਮਦ ਸਲੀਮ ਵਾਸੀ ਪਿੰਡ ਲੱਖਰਾ ਬਸਤੀ ਜ਼ਿਲਾ ਰਈਆ (ਬਿਹਾਰ) ਹਾਲ ਪਾਤੜਾਂ ਵਜੋਂ ਹੋਈ ਹੈ।
ਸਿਟੀ ਇੰਚਾਰਜ ਕੁਲਬੀਰ ਸਿੰਘ ਨੇ ਦੱਸਿਆ ਕਿ ਤਿੰਨੋਂ ਮਾਸੂਮ ਬੱਚੀਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੜਤਾਲ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਅਤੇ ਸ਼ਹਿਰ ਦੇ ਲੋਕਾਂ ਵੱਲੋਂ ਪਹੁੰਚ ਕੇ ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।
Read More : ਸ਼ਵੇਤ ਮਲਿਕ ਦੀ ਅਗਵਾਈ ’ਚ ਭਾਜਪਾ ਵਫ਼ਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਿਲਿਆ