Congress Party

ਕਾਂਗਰਸ ਸਰਕਾਰ ਆਉਣ ’ਤੇ ਸੂਬੇ ਨੂੰ ਬਣਾਏਗੀ ‘ਰੰਗਲਾ ਪੰਜਾਬ’ : ਰਾਜਾ ਵੜਿੰਗ

ਲਖਵੀਰ ਲੱਖਾ ਦੀ ਅਗਵਾਈ ’ਚ ਪਾਇਲ ਵਿਖੇ ਵਿਸ਼ਾਲ ਰੈਲੀ

ਖੰਨਾ, 13 ਜੁਲਾਈ :- ਖੰਨਾ ਸ਼ਹਿਰ ਨੇੜੇ ਕਸਬਾ ਪਾਇਲ ਵਿਖੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਸਾਬਕਾ ਵਿਧਾਇਕ ਦੀ ਅਗਵਾਈ ਤੇ ਕੋਆਰਡੀਨੇਟਰ ਬੰਤ ਸਿੰਘ ਦੋਬੁਰਜੀ ਦੋਰਾਹਾ ਦੀ ਦੇਖਰੇਖ ਹੇਠ ਕਾਂਗਰਸ ਪਾਰਟੀ ਦੀ ਸੰਵਿਧਾਨ ਬਚਾਓ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਨੂੰ ਰਾਜਨੀਤਿਕ ਲੋਕਾਂ ਦੀ ਮੈਲੀ ਅੱਖ ਨੇ ਖਾ ਲਿਆ ਹੈ।

ਉਨ੍ਹਾਂ ਕਿਹਾ ਚਾਰ ਲੱਖ 25 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਨਾਲ ਚੱਲ ਰਹੀ ਪੰਜਾਬ ਸਰਕਾਰ ਪੰਜਾਬ ਦੀ ਧਰਤੀ ਨਾਲ ਪੈਰ-ਪੈਰ ’ਤੇ ਧੋਖਾ ਕਰ ਰਹੀ ਹੈ। ਇਹ ਇਕੱਲੇ ਇਕ ਬੰਦੇ ਦਾ ਕਸੂਰ ਨਹੀਂ, ਇਸ ਧਰਤੀ ਨੂੰ ਜਿੱਥੇ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦਾ ਕੋੜਮਾ ਖਾ ਗਿਆ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਘੱਟ ਨਹੀਂ ਗੁਜ਼ਾਰੀ।

ਉਨ੍ਹਾਂ ਕਿਹਾ ਕਿ ਗੁਰੂਆਂ ਦੀ ਇਸ ਧਰਤੀ ਨੂੰ ਬਚਾਉਣ ਦੀ ਲੋੜ ਹੈ ਅਤੇ ਕਾਂਗਰਸ ਪਾਰਟੀ ਭਵਿੱਖ ਵਿਚ ਪੰਜਾਬ ਸਰਕਾਰ ਬਣਾ ਕੇ ਇਸ ਧਰਤੀ ਨੂੰ ਰੰਗਲੇ ਪੰਜਾਬ ਦੀ ਧਰਤੀ ਬਣਾਉਣ ਦਾ ਯਤਨ ਕਰੇਗੀ। ਉਨ੍ਹਾਂ ਇਸ ਮੌਕੇ ਹਲਕਾ ਇੰਚਾਰਜ ਲਖਬੀਰ ਸਿੰਘ ਲੱਖਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੱਖਾ ਲੋਕਾਂ ਦਾ ਸੇਵਕ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਹ ਹਲਕੇ ਦਾ ਵੱਡਾ ਸੇਵਾਦਾਰ ਬਣੇਗਾ।

ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਠਾਠਾਂ ਮਾਰਦੇ ਇਕੱਠ ਨੇ ਅੱਜ ਹਲਕਾ ਵਿਧਾਇਕ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ ਤੇ 2027 ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ।

ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਹੁਣ ਜ਼ੁਲਮ ਅਤੇ ਤਸ਼ੱਦਦ ਬਰਦਾਸ਼ਤ ਤੋਂ ਬਾਹਰ ਹੋ ਚੁੱਕਾ ਹੈ ਤੇ ਸਾਰੇ ਕਾਂਗਰਸੀ ਵਰਕਰ ਸਰਕਾਰੀ ਦਫਤਰਾਂ ਵਿਚ ਜਾਣ, ਸਿੱਧਾ ਦਾਖਲ ਹੋਣ ਅਤੇ ਅਫਸਰਾਂ ਤੋਂ ਆਪਣੇ ਕੰਮ ਕਰਵਾਉਣ। ਜਿਹੜਾ ਅਫਸਰ ਕੰਮ ਨਹੀਂ ਕਰੇਗਾ ਉਸਨੂੰ ਦੇਖਣਾ ਸਾਡਾ ਕੰਮ ਹੈ।

ਰੈਲੀ ਨੂੰ ਸਾਬਕਾ ਮੰਤਰੀ ਤੇਜਪ੍ਰਕਾਸ਼ ਸਿੰਘ ਕੋਟਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਰੁਪਿੰਦਰ ਸਿੰਘ ਰਾਜਾ ਗਿੱਲ, ਕੋਆਰਡੀਨੇਟਰ ਬੰਤ ਸਿੰਘ ਦੋਬੁਰਜੀ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ, ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਚੇਅਰਮੈਨ ਗੁਰਦੀਪ ਸਿੰਘ ਜੁਲਮਗੜ੍ਹ ਨੇ ਵੀ ਸੰਬੋਧਨ ਕੀਤਾ।

Read More : ਅਮਰੀਕਾ ‘ਚ ਭਾਰਤੀ ਮੂਲ ਦੇ 8 ਵਿਅਕਤੀ ਗ੍ਰਿਫ਼ਤਾਰ

Leave a Reply

Your email address will not be published. Required fields are marked *