ਮਰੀਜ਼ਾਂ ਦਾ ਅੰਕੜਾ 100 ਤੋਂ ਪਾਰ, ਜ਼ਿਲਾ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਪਟਿਆਲਾ, 8 ਜੁਲਾਈ :-ਪਿਛਲੇ 3 ਦਿਨਾਂ ਤੋਂ ਪਟਿਆਲਾ ਤੋਂ ਅਲੀਪੁਰ ਇਲਕੇ ਅੰਦਰ ਡਾਇਰੀਆ ਦਾ ਕਹਿਰ ਜਾਰੀ ਹੈ, ਜਿਸ ਨਾਲ ਚਾਰੇ ਪਾਸੇ ਹਾਹਾਕਾਰ ਮਚੀ ਪਈ ਹੈ। ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਅੱਜ ਵੀ 2 ਦਰਜਨ ਤੋਂ ਵਧ ਮਰੀਜ਼ ਮਿਲੇ ਹਨ, ਜਿਸ ਨਾਲ ਇਸ ਸਮੇਂ ਗਿਣਤੀ 100 ਤੋਂ ਪਾਰ ਹੋ ਚੁੱਕੀ ਹੈ। ਡਾਇਰੀਆ ਕਾਰਨ ਸ਼ਹਿਰ ਅੰਦਰ ਹੁਣ ਤੱਕ 4 ਮੌਤਾਂ ਹੋ ਚੁੱਕੀਆਂ ਹਨ।
3 ਮੌਤਾਂ ਡਾਇਰੀਆ ਕਾਰਨ ਪਹਿਲਾਂ ਹੋ ਚੁੱਕੀਆਂ ਸਨ। ਅੱਜ 60 ਸਾਲ ਦੀ ਬੀਬੀ ਨਿਰਮਲਾ ਦੇਵੀ ਦੀ ਮੌਤ ਹੋ ਗਈ ਹੈ। ਵਧਦੇ ਮਰੀਜ਼ਾਂ ਨੂੰ ਦੇਖ ਕੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਭਾਜੜਾਂ ਪਈਆਂ ਰਹੀਆਂ। ਲੋਕਾਂ ਦਾ ਦੋਸ਼ ਹੈ ਕਿ ਡੀ. ਸੀ. ਪਟਿਆਲਾ ਅਤੇ ਕੁਝ ਹੋਰ ਅਧਿਕਾਰੀ ਪਹਿਲਾਂ ਚੁੱਪ ਕਰ ਕੇ ਬੈਠੇ ਰਹਿੰਦੇ ਹਨ ਅਤੇ ਜਦੋਂ ਅਜਿਹਾ ਕੋਈ ਵੱਡਾ ਹਾਦਸਾ ਵਾਪਰ ਜਾਵੇ, ਫਿਰ ਹਾਲ-ਚਾਲ ਪੁੱਛਦੇ ਹਨ।
ਡਾਇਰੀਆ ਨਾਲ ਹੋਈ ਸਥਿਤੀ ਕਾਰਨ ਸਰਕਾਰ ਅਤੇ ਅਧਿਕਾਰੀ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਵੀ ਰਹੇ ਹਨ, ਜਿਥੇ ਭਾਜਪਾ ਨੇ ਸਿਹਤ ਮੰਤਰੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਹੈ, ਉਥੇ ਕਾਂਗਰਸ ਅਤੇ ਅਕਾਲੀ ਦਲ ਨੇ ਵੀ ਇਸ ਨੂੰ ਸਰਕਾਰ ਅਤੇ ਅਧਿਕਾਰੀਆਂ ਦੀ ਨਲਾਇਕੀ ਦੱਸਿਆ ਹੈ। ਮਾਹੌਲ ਕੰਟਰੋਲ ’ਚ ਨਹੀਂ ਹੈ।
ਹਾਲਾਂਕਿ ਸਰਕਾਰੀ ਖੇਮਾ ਇਹ ਦਾਅਵਾ ਕਰ ਰਿਹਾ ਹੈ ਕਿ ਮਾਹੌਲ ਅੰਡਰ ਕੰਟਰੋਲ ਹੈ ਪਰ ਮਰੀਜ਼ਾਂ ਦੀ ਵਧ ਰਹੀ ਗਿਣਤੀ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਟਹਿਰੇ ’ਚ ਖੜ੍ਹਾ ਕਰ ਰਹੀ ਹੈ।
Read More : ਹਰਪਾਲ ਚੀਮਾ ਅਤੇ ਡਾ. ਰਵਜੋਤ ਸਿੰਘ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ