ਜਗਜੀਤ ਡੱਲੇਵਾਲ ਦੀ ਅਗਵਾਈ ਹੇਠ ਕਿਸਾਨਾਂ ਨੇ ਦੇਵਨਾਹੱਲੀ ਦਾ ਕੀਤਾ ਦੌਰਾ
ਬੰਗਲੁਰੂ, 7 ਜੁਲਾਈ : ਅੱਜ ਬੰਗਲੁਰੂ ਦੇ ਗਾਂਧੀ ਭਵਨ ਵਿਖੇ ਕਰਨਾਟਕ ਦੇ ਵੱਖ-ਵੱਖ ਜ਼ਿਲਿਆਂ ਦੇ ਸੈਂਕੜੇ ਕਿਸਾਨਾਂ ਦੀ ਮੌਜੂਦਗੀ ਅਤੇ ਕਿਸਾਨ ਨੇਤਾ ਕੁਰਬੁਰੂ ਸ਼ਾਂਤਕੁਮਾਰ ਦੀ ਪ੍ਰਧਾਨਗੀ ਹੇਠ ਇਕ ਕਿਸਾਨ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਨਾਲ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ 3 ਦਿਨਾ ਦੱਖਣੀ ਭਾਰਤ ਦੌਰੇ ਦੀ ਸਮਾਪਤੀ ਹੋਈ। ਇਸ ਤੋਂ ਇਲਾਵਾ ਤਾਮਿਲਨਾਡੂ ਦੇ ਕੋਇੰਬਟੂਰ ਅਤੇ ਕ੍ਰਿਸ਼ਨਾਗਿਰੀ ਜ਼ਿਲਿਆਂ ’ਚ ਕਿਸਾਨ ਮਹਾਪੰਚਾਇਤਾਂ ਦਾ ਆਯੋਜਨ ਕੀਤਾ ਗਿਆ ਜਿਸ ’ਚ ਹਜ਼ਾਰਾਂ ਕਿਸਾਨਾਂ ਨੇ ਹਿੱਸਾ ਲਿਆ।
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਂਗਲੁਰੂ ’ਚ ਹੋਈ ਮੀਟਿੰਗ ਦੌਰਾਨ 13 ਰਾਜਾਂ ਦੇ ਕਿਸਾਨ ਆਗੂਆਂ ਨੇ ਹਿੱਸਾ ਲਿਆ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਕਿਸਾਨ ਆਗੂਆਂ ਦੇ ਇਕ ਵਫ਼ਦ ਨੇ ਦੇਵਨਾਹੱਲੀ ਦਾ ਦੌਰਾ ਕੀਤਾ, ਜਿਥੇ ਕਿਸਾਨ ਪਿਛਲੇ 1190 ਦਿਨਾਂ ਤੋਂ ਪ੍ਰਸਤਾਵਿਤ ਜ਼ਮੀਨ ਪ੍ਰਾਪਤੀ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਇਸ ਮੌਕੇ ਕਿਸਾਨ ਆਗੂਆਂ ਨੇ ਜ਼ਮੀਨ ਪ੍ਰਾਪਤੀ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਸੰਘਰਸ਼ ’ਚ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੀ ਰਾਸ਼ਟਰੀ ਕਾਰਜਕਾਰਨੀ ਮੀਟਿੰਗ ’ਚ ਕੁਝ ਫੈਸਲੇ ਵੀ ਲਏ ਗਏ, ਜਿਨ੍ਹਾਂ ’ਚ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ ਬੈਨਰ ਹੇਠ 25 ਅਗਸਤ ਨੂੰ ਨਵੀਂ ਦਿੱਲੀ ’ਚ ਇਕ ਰੋਜ਼ਾ ਕਿਸਾਨ ਰੈਲੀ ਕੀਤੀ ਜਾਵੇਗੀ।
ਇਸ ਰੈਲੀ ਦੀਆਂ ਮੁੱਖ ਮੰਗਾਂ ਐੱਮ. ਐੱਸ. ਪੀ. ਗਾਰੰਟੀ ਕਾਨੂੰਨ, ਭਾਰਤ ਅਤੇ ਅਮਰੀਕਾ ਵਿਚਕਾਰ ਕਿਸੇ ਵੀ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਤੋਂ ਖੇਤੀਬਾੜੀ, ਡੇਅਰੀ ਅਤੇ ਪੋਲਟਰੀ ਸੈਕਟਰ ਨੂੰ ਬਾਹਰ ਰੱਖਣਾ ਅਤੇ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਵਿਰੁੱਧ ਦਰਜ ਕੀਤੇ ਗਏ ਕੇਸਾਂ ਨੂੰ ਵਾਪਸ ਲੈਣਾ ਹੋਣਗੀਆਂ।
ਇਸੇ ਤਰਾਂ ਐੱਮ. ਐੱਸ. ਪੀ. ਗਾਰੰਟੀ ਕਾਨੂੰਨ, ਭਾਰਤ ਅਤੇ ਅਮਰੀਕਾ ਵਿਚਕਾਰ ਕਿਸੇ ਵੀ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਤੋਂ ਖੇਤੀਬਾੜੀ, ਡੇਅਰੀ ਅਤੇ ਪੋਲਟਰੀ ਸੈਕਟਰ ਨੂੰ ਬਾਹਰ ਰੱਖਣ ਅਤੇ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਵਿਰੁੱਧ ਦਰਜ ਕੀਤੇ ਗਏ ਕੇਸਾਂ ਨੂੰ ਵਾਪਸ ਲੈਣ ਵਰਗੇ ਮੁੱਦਿਆਂ ’ਤੇ ਅਗਲੇ 6 ਮਹੀਨਿਆਂ ’ਚ ਭਾਰਤ ਭਰ ’ਚ ਵੱਡੀਆਂ ਕਿਸਾਨ ਮਹਾਪੰਚਾਇਤਾਂ ਦਾ ਆਯੋਜਨ ਕੀਤਾ ਜਾਵੇਗਾ।
ਇਸ ਮੌਕੇ ਜਗਜੀਤ ਸਿੰਘ ਡੱਲੇਵਾਲ (ਪੰਜਾਬ), ਕੁਰਬਰੂ ਸ਼ਾਂਤਾਕੁਮਾਰ (ਕਰਨਾਟਕ), ਪੀ. ਆਰ. ਪੰਡੀਅਨ (ਤਾਮਿਲਨਾਡੂ), ਰਾਮਾ ਗੌਂਡਰ (ਤਾਮਿਲਨਾਡੂ), ਏ. ਐੱਸ. ਬਾਬੂ (ਤਾਮਿਲਨਾਡੂ), ਬਲਦੇਵ ਸਿੰਘ ਸਿਰਸਾ (ਪੰਜਾਬ), ਸਤਨਾਮ ਸਿੰਘ ਬੇਹਰੂ (ਪੰਜਾਬ), ਵੈਂਕਟੇਸ਼ਵਰ ਰਾਓ (ਤੇਲੰਗਾਨਾ) ਹਰਪਾਲ ਚੌਧਰੀ, ਦੀਪਕ ਸ਼ਰਮਾ (ਉੱਤਰ ਪ੍ਰਦੇਸ਼), ਅਭਿਮੰਨਿਊ ਕੌਹਾੜ (ਹਰਿਆਣਾ), ਸੁਖਦੇਵ ਸਿੰਘ ਭੋਜਰਾਜ (ਪੰਜਾਬ), ਸੰਦੀਪ ਸਿੰਘ (ਰਾਜਸਥਾਨ), ਹਰਸੁਲਿੰਦਰ ਸਿੰਘ (ਪੰਜਾਬ), ਮਨਪ੍ਰੀਤ ਸਿੰਘ ਬਾਠ (ਪੰਜਾਬ), ਸ਼ੇਰਾ ਅਠਵਾਲ ਅਤੇ ਹਰਦੇਵ ਸਿੰਘ (ਪੰਜਾਬ) ਉਪਰੋਕਤ ਪ੍ਰੋਗਰਾਮਾਂ ਦੌਰਾਨ ਪ੍ਰਮੁੱਖ ਤੌਰ ’ਤੇ ਹਾਜ਼ਰ ਸਨ।
Read More : ਉਸਾਰੀ ਅਧੀਨ ਕਚਹਿਰੀ ਕੰਪਲੈਕਸ ਦੀ ਛੱਤ ਡਿੱਗੀ
