ਬੁਢਲਾਡਾ, 7 ਦਸੰਬਰ-ਇਕ ਨੌਜਵਾਨ ਨੇ ਆਪਣੀ ਵਿਆਹੁਤਾ ਮਿਤਰ ਨੂੰ ਘਰ ਅੰਦਰ ਜ਼ਿੰਦਾ ਸਾੜ ਕੇ ਖੁਦ ਆਤਮ ਹੱਤਿਆ ਕਰ ਲਈ ਹੈ ।
ਜਾਣਕਾਰੀ ਅਨੁਸਾਰ ਨੇੜਲੇ ਪਿੰਡ ਬੋੜਾਵਾਲ ਵਿਖੇ ਮ੍ਰਿਤਕ ਮਨਜੀਤ ਕੌਰ (40) ਦੇ ਪਤੀ ਬਲਜਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਬੋੜਾਵਾਲ ਦੇ ਮੇਜਰ ਸਿੰਘ ਨਾਂ ਦੇ ਵਿਅਕਤੀ ਨਾਲ ਮੇਰੀ ਪਤਨੀ ਦੀ ਗੱਲਬਾਤ ਸੀ ਪਰ ਉਹ ਹੁਣ ਉਸ ਤੋਂ ਨਫਰਤ ਕਰਦੀ ਸੀ ਪਰ ਮੇਜਰ ਸਿੰਘ ਉਸਦਾ ਖੇਹੜਾ ਨਹੀਂ ਛੱਡ ਰਿਹਾ ਸੀ।

ਮੇਰੀ ਪਤਨੀ ਬੁਢਲਾਡਾ ਵਿਖੇ ਸਿਲਾਈ ਦਾ ਕੰਮ ਕਰਦੀ ਸੀ। ਕੱਲ੍ਹ ਸ਼ਾਮ ਨੂੰ ਬੁਢਲਾਡਾ ਕੰਮ ਤੋਂ ਲੇਟ ਹੋਣ ਕਾਰਨ ਮੈਂ ਆਪਣੀ ਘਰ ਵਾਲੀ ਨੂੰ ਲੈਣ ਲਈ ਜਾ ਰਿਹਾ ਸੀ ਪਰ ਉਹ ਸਿਲਾਈ ਸੈਂਟਰ ਤੋਂ ਘਰ ਪੈਦਲ ਆ ਰਹੀ ਸੀ ਤਾਂ ਅਚਾਨਕ ਮੇਜਰ ਸਿੰਘ ਮੇਰੀ ਘਰਵਾਲੀ ਨੂੰ ਘੜੀਸ ਕੇ ਆਪਣੇ ਘਰ ਲੈ ਗਿਆ ਅਤੇ ਮੈਂ ਵੀ ਉਸਦੇ ਮਗਰ ਗਿਆ ਤਾਂ ਮੇਰੇ ਦੇਖਦੇ ਦੇਖਦੇ ਮੇਜਰ ਸਿੰਘ ਨੇ ਟੂਟੀ ਵਾਲੀ ਪਾਈਪ ਮੇਰੀ ਪਤਨੀ ਦੇ ਸਿਰ ’ਤੇ ਮਾਰੀ ਅਤੇ ਉਹ ਬੇਹੋਸ਼ ਹੋ ਗਈ ਅਤੇ ਨਜ਼ਦੀਕ ਤੇਲ ਵਾਲੀ ਕੈਂਨੀ ’ਚੋਂ ਤੇਲ ਪਾ ਕੇ ਉਸਨੂੰ ਅੱਗ ਲਗਾ ਦਿੱਤੀ, ਜਿਸ ਦੀ ਮੌਕੇ ’ਤੇ ਅੱਗ ਨਾਲ ਸੜਨ ਕਾਰਨ ਮੌਤ ਹੋ ਗਈ ਅਤੇ ਮੇਜਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ।
ਪੁਲਸ ਨੇ ਮ੍ਰਿਤਕ ਮਨਜੀਤ ਕੌਰ ਦੇ ਪਤੀ ਬਲਜਿੰਦਰ ਸਿੰਘ ਦੇ ਬਿਆਨਾਂ ’ਤੇ ਮੇਜਰ ਸਿੰਘ ਦੇ ਖਿਲਾਫ ਕਤਲ ਕਰਨ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਉੱਧਰ ਦੇਰ ਰਾਤ ਮੇਜਰ ਸਿੰਘ ਨੇ ਆਪਣੇ ਘਰ ਆ ਕੇ ਆਤਮਹੱਤਿਆ ਕਰ ਲਈ। ਪੁਲਸ ਪੂਰੇ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ।