ਸਿਰਫ਼ 4 ਮਿੰਟ 29 ਸੈਕਿੰਡ ’ਚ 185 ਦੇਸ਼ਾਂ ਦੇ ਝੰਡਿਆਂ ਦੀ ਕੀਤੀ ਪਛਾਣ
ਗੁਰਦਾਸਪੁਰ, 6 ਜੁਲਾਈ : ਜੀਆ ਲਾਲ ਮਿੱਤਲ ਡੀ. ਏ. ਵੀ. ਪਬਲਿਕ ਸਕੂਲ ਗੁਰਦਾਸਪੁਰ ਦੇ ਦੂਜੀ ਜਮਾਤ ਦੇ ਵਿਦਿਆਰਥੀ ਕਰਮਨਵੀਰ ਸਿੰਘ ਨੇ 5-7 ਸਾਲ ਦੇ ਉਮਰ ਵਰਗ ਦੀ ਪ੍ਰਤੀਯੋਗਤਾ ’ਚ ਭਾਗ ਲੈ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਸ ਹੋਣਹਾਰ ਵਿਦਿਆਰਥੀ ਨੇ ਸਿਰਫ਼ 4 ਮਿੰਟ 29 ਸੈਕਿੰਡ ’ਚ 185 ਦੇਸ਼ਾਂ ਦੇ ਝੰਡਿਆਂ ਦੀ ਪਛਾਣ ਕਰ ਕੇ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ, ਜਿਸ ਲਈ ਉਸਨੂੰ ਵਰਲਡ ਵਾਈਡ ਸੰਸਥਾ ਦੁਆਰਾ ਮੈਡਲ ਅਤੇ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਗਿਆ।
ਸਕੂਲ ਚੇਅਰਮੈਨ ਬਾਲ ਕ੍ਰਿਸ਼ਨ ਮਿੱਤਲ (ਸਕੱਤਰ ਡੀ. ਏ. ਵੀ. ਸੀ. ਐੱਮ. ਸੀ. ਨਵੀਂ ਦਿੱਲੀ) ਅਤੇ ਸਕੂਲ ਪ੍ਰਿੰਸੀਪਲ ਰਾਜੀਵ ਭਾਰਤੀ ਨੇ ਆਪਣੀ ਅਤੇ ਮੈਨੇਜਮੈਂਟ ਵੱਲੋਂ ਜਿੱਤ ਪ੍ਰਾਪਤ ਕਰਨ ਵਾਲੇ ਇਸ ਹੋਣਹਾਰ ਵਿਦਿਆਰਥੀ, ਉਸਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਤੀਯੋਗਤਾਵਾਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਸਕੂਲ ਦੇ ਹੋਰ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਪ੍ਰਤੀਯੋਗਤਾਵਾਂ ’ਚ ਭਾਗ ਲੈ ਕੇ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।
Read More : ਟਰੱਕ ਯੂਨੀਅਨ ਦੇ ਪ੍ਰਧਾਨ ਦੀ ਇੱਟ ਮਾਰ ਕੇ ਹੱਤਿਆ