ਮਕੇਰੀਆਂ, 6 ਜੁਲਾਈ : ਟਰੱਕ ਯੂਨੀਅਨ ਮੁਕੇਰੀਆਂ ਵਿਖੇ ਨਾਜਾਇਜ਼ ਕਬਜ਼ਾ ਹਟਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਇੱਟ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਝਗੜਾ ਉਸ ਸਮੇਂ ਹੋਇਆ ਜਦੋਂ ਟਰੱਕ ਯੂਨੀਅਨ ਮੁਕੇਰੀਆਂ ਦੇ ਸਮੂਹ ਮੈਂਬਰ ਅਤੇ ਵਰਕਰ ਟਰੱਕ ਯੂਨੀਅਨ ਦੀ ਜ਼ਮੀਨ ’ਤੇ ਬੀਤੇ ਕਰੀਬ 15 ਦਿਨ ਪਹਿਲਾਂ ਹੋਏ ਨਾਜਾਇਜ਼ ਕਬਜ਼ੇ ਨੂੰ ਹਟਾਉਣ ਲਈ ਇਕੱਠੇ ਹੋਏ ਸਨ।
ਜਾਣਕਾਰੀ ਅਨੁਸਾਰ ਟਰੱਕ ਯੂਨੀਅਨ ਮੁਕੇਰੀਆਂ ਦੇ ਵਰਕਰ ਨਾਜਾਇਜ਼ ਕੀਤੀ ਗਈ ਦੀਵਾਰ ਨੂੰ ਜਦੋਂ ਹੇਠਾਂ ਸੁੱਟ ਰਹੇ ਸਨ ਤਾਂ ਨਾਜਾਇਜ਼ ਕਬਜ਼ਾ ਕਰਨ ਵਾਲੇ ਵਿਅਕਤੀ, ਜਿਸ ਦਾ ਨਾਂ ਸੰਦੀਪ ਸਿੰਘ ਸੰਨੀ ਦੱਸਿਆ ਜਾ ਰਿਹਾ ਹੈ, ਨੇ ਉਨ੍ਹਾਂ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਇਕ ਇੱਟ ਉੱਥੇ ਖੜ੍ਹੇ ਟਰੱਕ ਯੂਨੀਅਨ ਮੁਕੇਰੀਆਂ ਦੇ ਪ੍ਰਧਾਨ ਹਰਭਜਨ ਸਿੰਘ ਦੀ ਛਾਤੀ ਵਿਚ ਵੱਜੀ ਅਤੇ ਉਹ ਡਿੱਗ ਪਏ।
ਇਸ ਸਬੰਧ ਵਿਚ ਸੁਖਦੇਵ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਤਗੜ ਕਲਾਂ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਦੇ ਪਿਤਾ ਟਰੱਕ ਯੂਨੀਅਨ ਦੇ ਮੈਂਬਰਾਂ ਨਾਲ ਖੜ੍ਹੇ ਸੀ। ਇਸ ਦੌਰਾਨ ਸੰਦੀਪ ਸਿੰਘ ਸੰਨੀ 5-6 ਅਣਪਛਾਤੇ ਵਿਅਕਤੀਆਂ ਨਾਲ ਆਇਆ ਤੇ ਆਉਂਦਾ ਹੀ ਮੇਰੇ ਪਿਤਾ ਨੂੰ ਮੰਦਾ-ਚੰਗਾ ਬੋਲਣ ਲੱਗ ਪਿਆ ਅਤੇ ਕਹਿਣ ਲੱਗਾ ਕਿ ਅਸੀਂ ਇੱਥੇ ਕਬਜ਼ਾ ਕਰਨਾ ਹੈ।
ਮੇਰੇ ਪਿਤਾ ਅਤੇ ਹੋਰ ਵਿਅਕਤੀਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਸੰਦੀਪ ਸਿੰਘ ਨੇ ਜਾਨੋ ਮਾਰਨ ਦੀ ਨੀਅਤ ਨਾਲ ਮੇਰੇ ਪਿਤਾ ਦੇ ਇੱਟ ਮਾਰ ਦਿੱਤੀ, ਜੋ ਉਨ੍ਹਾਂ ਦੀ ਛਾਤੀ ਵਿਚ ਲੱਗੀ। ਜੋ ਮੌਕੇ ’ਤੇ ਹੀ ਡਿੱਗ ਪਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ।
ਮ੍ਰਿਤਕ ਟਰੱਕ ਯੂਨੀਅਨ ਦੇ ਪ੍ਰਧਾਨ ਹਰਭਜਨ ਸਿੰਘ ਦੇ ਬੇਟੇ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪਿਛਲੇ 15 ਦਿਨਾਂ ਤੋਂ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਦੇ ਇੱਥੇ ਬੈਠੇ ਨੁਮਾਇੰਦਿਆਂ ਕੋਲ ਪਹੁੰਚ ਕਰ ਰਹੇ ਸਨ ਕਿ ਸਾਡੀ ਟਰੱਕ ਯੂਨੀਅਨ ਦੀ ਜ਼ਮੀਨ ’ਤੇ ਰਾਤੋ-ਰਾਤ ਜੋ ਦੀਵਾਰ ਬਣਾਈ ਗਈ ਹੈ, ਉਸ ਨੂੰ ਹਟਾਇਆ ਜਾਵੇ। ਪਰ ਸਾਡੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋਈ।
ਇਸ ਸਬੰਧੀ ਡੀ. ਐੱਸ. ਪੀ. ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਵਕਫ ਬੋਰਡ ਦੀ ਇਸ ਜ਼ਮੀਨ ’ਤੇ 80 ਮਰਲਿਆਂ ਵਿਚ ਟਰੱਕ ਯੂਨੀਅਨ ਦਾ ਅਤੇ 40 ਮਰਲਿਆਂ ਵਿਚ ਲਾਭ ਸਿੰਘ ਦਾ ਕਬਜ਼ਾ ਸੀ। ਉਨ੍ਹਾਂ ਦੱਸਿਆ ਕਿ 2005 ਵਿਚ ਇਨ੍ਹਾਂ ਦੇ ਟਰੱਕ ਯੂਨੀਅਨ ਦੀ ਜ਼ਮੀਨ ’ਤੇ ਸੰਨੀ ਦੇ ਪਿਤਾ ਲਾਭ ਸਿੰਘ ਗਾਲ੍ਹੜੀਆਂ ਨਾਲ ਵੀ ਜ਼ਮੀਨ ’ਤੇ ਕੀਤੇ ਕਬਜ਼ੇ, ਜਿੱਥੇ ਉਸ ਨੇ ਦੁਕਾਨਾਂ ਬਣਾਈਆਂ ਹੋਈਆਂ ਹਨ, ਸਬੰਧੀ ਝਗੜਾ ਹੋਇਆ ਸੀ। ਜਿਸ ਉਪਰੰਤ ਟਰੱਕ ਯੂਨੀਅਨ ਹਾਈਕੋਰਟ ਵਿਚ ਗਈ ਸੀ ਅਤੇ ਹਾਈ ਕੋਰਟ ਵੱਲੋਂ ਕਬਜ਼ੇ ਨੂੰ ਨਾਜਾਇਜ਼ ਕਰਾਰ ਦਿੱਤਾ ਸੀ। ਉਪਰੰਤ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਨਾਜਾਇਜ਼ ਉਸਾਰੀ ਨੂੰ ਢਾਹੁਣ ਦੇ ਹੁਕਮ ਦਿੱਤੇ ਗਏ ਸੀ।
ਇਸ ਮੌਕੇ ਥਾਣਾ ਮੁਖੀ ਜੋਗਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਦੀਪ ਸਿੰਘ ਉਰਫ ਸੰਨੀ ਪੁੱਤਰ ਲਾਲ ਸਿੰਘ ਨਿਵਾਸੀ ਗਾਲ੍ਹੜੀਆਂ ਅਤੇ 5-6 ਹੋਰ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
Read More : ਵਿਜੀਲੈਂਸ ਨੇ ਹਿਮਾਚਲ ’ਚ ਮਜੀਠੀਆ ਦੀਆਂ ਜਾਇਦਾਦਾਂ ’ਤੇ ਕੀਤੀ ਛਾਪੇਮਾਰੀ