ਦੁਬਈ ਜਾਣ ਦੀ ਕਰ ਰਿਹਾ ਸੀ ਤਿਆਰੀ
ਨਵਾਂਸ਼ਹਿਰ, 2 ਜੁਲਾਈ : ਜ਼ਿਲਾ ਨਵਾਂਸ਼ਹਿਰ ਦੇ ਪਿੰਡ ਉਸਮਾਨਪੁਰ ’ਚ ਬੀਤੀ ਰਾਤ ਕਮਿਊਨਿਟੀ ਹਾਲ ਕੋਲ ਸੈਰ ਕਰ ਰਹੇ ਇਕ 28 ਸਾਲਾ ਨੌਜਵਾਨ ਦੀ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ 5-6 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਉਰਫ਼ ਮੰਨਾ (28) ਪੁੱਤਰ ਸੁਰਿੰਦਰ ਸਿੰਘ ਵਜੋਂ ਹੋਈ।
ਮੌਕੇ ਮੌਜੂਦ ਲੋਕਾਂ ਮੁਤਾਬਕ ਹਮਲਾਵਰ ਸਕੂਲ ਦੇ ਮੈਦਾਨ ਦੀ ਕੰਧ ਟੰਪ ਕੇ ਅੰਦਰ ਦਾਖਲ ਹੋਏ ਅਤੇ ਮੰਨਾ ’ਤੇ ਕਈ ਗੋਲੀਆਂ ਚਲਾਈਆਂ। ਇਸ ਦੌਰਾਨ ਨੇੜੇ ਹੀ ਪੀਰ ਦਰਗਾਹ ’ਚ ਮੇਲਾ ਲੱਗਾ ਹੋਇਆ ਸੀ, ਜਿਸ ਕਾਰਨ ਪਿੰਡ ’ਚ ਹੜਕੰਪ ਮਚ ਗਿਆ। ਇਸ ਦੌਰਾਨ ਮੌਕੇ ’ਤੇ ਪੁਲਿਸ ਪਹੁੰਚੀ ਅਤੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ।
ਮ੍ਰਿਤਕ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਰਾਤ ਨੂੰ ਘਰ ਆ ਕੇ ਖਾਣਾ ਖਾਣ ਲੱਗਾ ਤਾਂ ਕਿਸੇ ਦਾ ਫੋਨ ਆਇਆ, ਜਿਸ ਤੋਂ ਬਾਅਦ ਉਹ ਛੇਤੀ-ਛੇਤੀ ਖਾਣਾ ਖਾ ਕੇ ਕਮਿਊਨਿਟੀ ਹਾਲ ਕੋਲ ਸੈਰ ਕਰਨ ਚਲਿਆ ਗਿਆ। ਥੋੜ੍ਹੀ ਦੇਰ ਬਾਅਦ ਕਿਸੇ ਨੇ ਆ ਕੇ ਦੱਸਿਆ ਕਿ ਮੰਨਾ ’ਤੇ ਗੋਲੀਆਂ ਚਲੀਆਂ ਹਨ।
ਮ੍ਰਿਤਕ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਅਮਨਦੀਪ ਨੇ 2-3 ਦਿਨਾਂ ’ਚ ਦੁਬਈ ਜਾਣਾ ਸੀ, ਕੱਪੜੇ ਪੈਕ ਕਰ ਚੁੱਕਾ ਸੀ। ਉਹ ਉਥੇ ਨੌਕਰੀ ਲੈ ਕੇ ਲਾਇਸੈਂਸ ਬਣਾਉਣਾ ਚਾਹੁੰਦਾ ਸੀ ਪਰ ਕਿਸੇ ਨੇ ਗੋਲੀ ਮਾਰ ਕੇ ਉਸਦੇ ਸਾਰੇ ਸੁਪਨੇ ਖ਼ਤਮ ਕਰ ਦਿੱਤੇ।
ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੁਲਿਸ ਤੋਂ ਨਿਆਂ ਦੀ ਮੰਗ ਕੀਤੀ ਹੈ।
