Lakhwinder Singh

ਪਾਕਿਸਤਾਨੀ ਡਰੋਨ ਹਮਲੇ ‘ਚ ਜ਼ਖਮੀ ਵਿਅਕਤੀ ਨੇ ਤੋੜਿਆ ਦਮ

ਪਤਨੀ ਦੀ ਪਹਿਲਾ ਹੀ ਹੋ ਚੁੱਕੀ ਹੈ ਮੌਤ

ਫਿਰੋਜ਼ਪੁਰ, 2 ਜੁਲਾਈ : ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦੌਰਾਨ ਭਾਰਤ ਨੇ ਪਾਕਿਸਤਾਨ ਵਿਚ ਸਥਿਤ ਅੱਤਵਾਦੀਆਂ ਦੇ ਟਿਕਾਣਿਆਂ ਉਤੇ ਮਿਜ਼ਾਈਲੀ ਹਮਲਾ ਕੀਤਾ ਸੀ। ਇਸ ਮਗਰੋਂ ਪਾਕਿਸਤਾਨ ਵੱਲੋਂ ਵੀ ਭਾਰਤ ਵਿਚ ਮਿਜ਼ਾਈਲਾਂ ਤੇ ਡਰੋਨ ਦਾਗ਼ੇ ਗਏ ਸਨ। ਇਸ ਡਰੋਨ ਅਟੈਕ ‘ਚ ਜ਼ਖਮੀ ਹੋਏ ਫਿਰੋਜ਼ਪੁਰ ਦੇ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਜਿਸਦੀ ਪਛਾਣ ਲਖਵਿੰਦਰ ਸਿੰਘ (55) ਵਾਸੀ ਖਾਈ ਫੇਮੇ ਫਿਰੋਜ਼ਪੁਰ ਵਜੋਂ ਹੋਈ ਹੈ।

ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ‘ਚ ਭਾਰਤ ਦੇ 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਵੱਲੋਂ ਬਾਰਡਰ ‘ਤੇ ਗੋਲੀਬਾਰੀ, ਡਰੋਨ ਤੇ ਮਿਜ਼ਾਈਲੀ ਹਮਲੇ ਕੀਤੇ ਗਏ। ਇਸ ਦੌਰਾਨ ਜ਼ਿਲਾ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਖਾਈ ਫ਼ੇਮ ਵਿਚ 9 ਮਈ ਦੀ ਰਾਤ ਨੂੰ ਲਖਵਿੰਦਰ ਸਿੰਘ ਦੇ ਘਰ ‘ਤੇ ਪਾਕਿਸਤਾਨੀ ਡਰੋਨ ਹਮਲਾ ਹੋਇਆ ਸੀ। ਡਰੋਨ ਡਿੱਗਣ ਨਾਲ ਘਰ ਦੀ ਛੱਤ ‘ਚ ਛੇਦ ਹੋ ਗਿਆ ਤੇ ਕਾਰ ਨੂੰ ਅੱਗ ਲੱਗ ਗਈ। ਇਸ ਹਮਲੇ ਵਿਚ 50 ਸਾਲਾ ਸੁਖਵਿੰਦਰ ਕੌਰ ਦੀ ਮੌਤ ਹੋ ਗਈ ਸੀ, ਜਦਕਿ ਉਸ ਦਾ ਪਤੀ ਲਖਵਿੰਦਰ ਸਿੰਘ ਤੇ ਪੁੱਤਰ ਜਸਵੰਤ ਸਿੰਘ ਬੁਰੀ ਤਰ੍ਹਾਂ ਝੁਲਸ ਗਏ ਸਨ।

ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਦੇ ਡਾਕਟਰਾਂ ਅਨੁਸਾਰ ਪਿੰਡ ਖਾਈ ਫੇਮੇ ਦੀ ਰਹਿਣ ਵਾਲੀ ਸੁਖਵਿੰਦਰ ਕੌਰ 100 ਫ਼ੀਸਦੀ ਜਲ ਚੁੱਕੀ ਸੀ, ਜਿਸ ਨੂੰ ਬਚਾਇਆ ਨਹੀਂ ਜਾ ਸਕਿਆ। ਉੱਥੇ ਹੀ ਉਨ੍ਹਾਂ ਦੇ ਪਤੀ ਲਖਵਿੰਦਰ ਸਿੰਘ 70 ਫ਼ੀਸਦੀ ਤੱਕ ਸੜ੍ਹ ਚੁੱਕੇ ਸਨ, ਜਿਨ੍ਹਾਂ ਨੇ ਕੱਲ੍ਹ ਰਾਤ ਦਮ ਤੋੜ ਦਿੱਤਾ।

Read More : ਪਿਉ ਦਾ ਕਤਲ

Leave a Reply

Your email address will not be published. Required fields are marked *