ਪਰਿਵਾਰ ਨਾਲ ਪਠਾਨਕੋਟ ਤੋਂ ਬਾਬਾ ਮੁਕਤੇਸ਼ਵਰ ਮੰਦਰ ਵਿਖੇ ਆਇਆ ਸੀ ਦਰਸ਼ਨ ਕਰਨ
ਪਠਾਨਕੋਟ, 30 ਜੂਨ -: ਬਾਬਾ ਮੁਕਤੇਸ਼ਵਰ ਮੰਦਰ ਦੇ ਕੋਲ ਰਾਵੀ ਦਰਿਆ ’ਚ ਅੱਜ ਦੁਪਹਿਰ ਕਰੀਬ ਇਕ ਵਜੇ ਦੇ ਕਰੀਬ ਨੌਜਵਾਨ ਦੇ ਡੁੱਬਣ ਦਾ ਸਮਾਚਾਰ ਮਿਲਿਆ ਹੈ।
ਸੁਰਿਆਂਸ਼ ਉਰਫ ਸਾਹਿਬ (15) ਆਪਣੇ ਪਰਿਵਾਰ ਦੇ ਨਾਲ ਪਠਾਨਕੋਟ ਤੋਂ ਬਾਬਾ ਮੁਕਤੇਸ਼ਵਰ ਮੰਦਰ ਵਿਖੇ ਦਰਸ਼ਨ ਕਰਨ ਆਇਆ ਹੋਇਆ ਸੀ। ਇਸ ਦੌਰਾਨ ਉਹ ਆਪਣੇ ਤਿੰਨ ਦੋਸਤਾਂ ਨਾਲ ਮੰਦਰ ਦੇ ਪਿੱਛੇ ਰਾਵੀ ਦਰਿਆ ਦੇ ਕਿਨਾਰੇ ਨਹਾਉਣ ਚਲਾ ਗਿਆ। ਸਥਾਨਕ ਲੋਕਾਂ ਦੇ ਅਨੁਸਾਰ ਮੀਂਹ ਕਾਰਨ ਦਰਿਆ ਦਾ ਪਾਣੀ ਦਾ ਪੱਧਰ ਬਹੁਤ ਵਧਾ ਹੋਇਆ ਸੀ ਅਤੇ ਵਹਾਅ ਵੀ ਤੇਜ਼ ਸੀ, ਜਿਸ ਕਾਰਨ ਸੁਰਿਆਂਸ਼ ਸੰਤੁਲਨ ਨਹੀਂ ਬਣਾ ਸਕਿਆ ਅਤੇ ਵਹਾਅ ’ਚ ਫਸ ਗਿਆ। ਜਿਉਂ ਹੀ ਇਹ ਘਟਨਾ ਸਾਹਮਣੇ ਆਈ, ਮੰਦਰ ’ਚ ਹਫੜਾ-ਦਫੜੀ ਮਚ ਗਈ।
ਸ਼ਾਹਪੁਰਕੰਢੀ ਥਾਣਾ ਇੰਚਾਰਜ ਐੱਸ. ਐੱਚ. ਓ. ਸਬ ਇੰਸਪੈਕਟਰ ਅਮਨਪ੍ਰੀਤ ਕੌਰ, ਏ. ਐੱਸ. ਆਈ. ਨਰੇਸ਼ ਕੁਮਾਰ ਅਤੇ ਹੋਰ ਪੁਲਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ।
ਸੁਰਿਆਂਸ਼ ਦੀ ਮਾਤਾ ਰਸ਼ਮੀ ਅਤੇ ਪਿਤਾ ਤਰਲੋਕ ਦਾ ਰੋ-ਰੋ ਕੇ ਬੁਰਾ ਹਾਲ ਹੈ। ਮੰਦਰ ਕਮੇਟੀ ਨੇ ਦੱਸਿਆ ਕਿ ਹਰ ਸਾਲ ਬਾਰਿਸ਼ ਦੌਰਾਨ ਦਰਿਆ ’ਚ ਪਾਣੀ ਦਾ ਪੱਧਰ ਵਧ ਜਾਂਦਾ ਹੈ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ। ਦਰਿਆ ਕੋਲ ਜਾਣ ਵਾਲੀਆਂ ਪੌੜੀਆਂ ਦੇ ਗੇਟ ਨੂੰ ਵੀ ਬੰਦ ਕੀਤਾ ਗਿਆ ਸੀ, ਤਾਂ ਜੋ ਕੋਈ ਸ਼ਰਧਾਲੂ ਹੇਠਾਂ ਨਾ ਜਾ ਸਕੇ। ਫਿਰ ਵੀ, ਇਹ ਚਾਰ ਨੌਜਵਾਨ ਚੋਰੀ-ਛਿਪੇ ਉਥੇ ਪਹੁੰਚ ਗਏ ਅਤੇ ਨਹਾਉਣ ਲੱਗ ਪਏ। ਕਮੇਟੀ ਨੇ ਕਿਹਾ ਕਿ ਲੰਗਰ ਦੀਆਂ ਤਿਆਰੀਆਂ ਕਾਰਨ ਉਹ ਉਨ੍ਹਾਂ ’ਤੇ ਨਿਗਰਾਨੀ ਨਹੀਂ ਰੱਖ ਸਕੇ।
ਐੱਸ. ਐੱਚ. ਓ. ਅਮਨਪ੍ਰੀਤ ਕੌਰ ਨੇ ਦੱਸਿਆ ਕਿ ਜਿਉਂ ਹੀ ਉਨ੍ਹਾਂ ਨੂੰ ਜਾਣਕਾਰੀ ਮਿਲੀ, ਉਨ੍ਹਾਂ ਨੇ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਕੇ ਤੁਰੰਤ ਤਲਾਸ਼ ਸ਼ੁਰੂ ਕਰ ਦਿੱਤੀ ਪਰ ਦਰਿਆ ’ਚ ਪਾਣੀ ਵਧਿਆ ਹੋਣ ਕਾਰਨ ਬਹੁਤ ਰੁਕਾਵਟਾਂ ਆ ਰਹੀਆਂ ਹਨ। ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ’ਤੇ ਤਾਇਨਾਤ ਹੈ ਅਤੇ ਦਰਿਆ ਦੇ ਕਿਨਾਰੇ ਤਲਾਸ਼ ਅਭਿਆਨ ਜਾਰੀ ਹੈ।
Read More : ਸ਼ਰਾਬ ਦੇ ਨਸ਼ੇ ’ਚ ਦੋਸਤ ਦਾ ਕਤਲ