ਮਾਝੇ ਵਾਲਿਆਂ ਨੇ ਹਮੇਸ਼ਾ ਹੀ ਸਾਨੂੰ ਪੂਰਾ ਮਾਣ ਸਤਿਕਾਰ ਦਿੱਤਾ : ਅਮਨ ਅਰੋੜਾ
ਬਟਾਲਾ, 29 ਜੂਨ : ਆਮ ਆਦਮੀ ਪਾਰਟੀ ਦੇ ਨਵ-ਨਿਯੁਕਤ ਜ਼ਿਲਾ ਗੁਰਦਾਸਪੁਰ ਦੇ ਪ੍ਰਧਾਨ ਜੋਬਨ ਰੰਧਾਵਾ ਦਾ ਅਹੁਦਾ ਸੰਭਾਲ ਸਮਾਰੋਹ ਅਤੇ ਪਲੇਠੀ ਜ਼ਿਲਾ ਵਰਕਰ ਮੀਟਿੰਗ ਬਟਾਲਾ ਵਿਖੇ ਹੋਈ, ਜਿਸ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ, ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਸਿਰਫ਼ ਵਿਨਾਸ਼ ਵੱਲ ਧੱਕਿਆ। ਵਿਕਾਸ ਦੇ ਨਾਂ ’ਤੇ ਪੰਜਾਬ ਦੇ ਲੋਕਾਂ ਨੂੰ ਸਿਰਫ਼ ਮੂਰਖ ਬਣਿਆ ਅਤੇ ਆਪਣਿਆਂ ਦੀਅ ਜੇਬਾਂ ਭਰੀਆਂ। 2022 ਵਿਚ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਪ੍ਰਤੀ ਆਪਣਾ ਵਿਸ਼ਵਾਸ ਜਤਾਇਆ ਅਤੇ ਸੂਬੇ ਅੰਦਰ ‘ਆਪ’ ਸਰਕਾਰ ਬਣਾਈ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3 ਸਾਲ ਦਾ ਸਮਾਂ ਹੋ ਗਿਆ ਹੈ। ਸਰਕਾਰ ਨੇ ਸੂਬੇ ਦੇ ਹਰ ਖੇਤਰ ਦਾ ਵਿਕਾਸ ਕਰਵਾਇਆ।
ਲੋਕਾਂ ਨਾਲ ਜੋ-ਜੋ ਵਾਅਦੇ ਕੀਤੇ ਗਏ ਸਨ, ਉਹ ਸਾਰੇ ਪੂਰੇ ਕੀਤੇ ਗਏ। ਪੰਜਾਬ ਦੇ ਹਜ਼ਾਰਾਂ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। ਉਦਯੋਗਿਤ ਖੇਤਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸਰਕਾਰ ਨੇ ਨਵੀਆਂ-ਨਵੀਆਂ ਯੋਜਨਾਵਾਂ ਚਲਾਈਆਂ।
ਸਿਹਤ ਸੇਵਾਵਾਂ ’ਚ ਵੱਡਾ ਸੁਧਾਰ ਲਿਆਂਦਾ ਗਿਆ ਅਤੇ ਅੱਜ ਪੰਜਾਬ ਦੇ ਸਾਰੇ ਹੀ ਸਰਕਾਰੀ ਹਸਪਤਾਲਾਂ ਵਿਚ ਜਿਥੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮਿਲ ਰਹੀਆਂ ਹਨ ਅਤੇ ਉਥੇ ਹੀ ਹਰ ਤਰ੍ਹਾਂ ਦੇ ਟੈਸਟ ਅਤੇ ਸਾਰੀਆਂ ਦਵਾਈਆ ਲੋਕਾਂ ਨੂੰ ਮੁਫ਼ਤ ਵਿਚ ਮਿਲ ਰਹੀਆਂ ਹਨ। ਸਿੱਖਿਆ ਦੇ ਖੇਤਰ ਵਿਚ ਪੰਜਾਬ ਸਰਕਾਰ ਨੇ ਵੱਡੀ ਕ੍ਰਾਂਤੀ ਲਿਆਂਦੀ। ਉਨ੍ਹਾਂ ਕਿਹਾ ਕਿ 2026 ਦੇ ਅੰਤ ਤੱਕ ਪੰਜਾਬ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤੀ ਜਾਵੇਗੀ।
ਇਸ ਮੌਕੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਅਸੀਂ ਮਾਝੇ ਦੀ ਧਰਤੀ ’ਤੇ ਪਹੁੰਚੇ ਹਾਂ। ਮਾਝੇ ਵਾਲਿਆਂ ਨੇ ਹਮੇਸ਼ਾ ਹੀ ਸਾਨੂੰ ਪੂਰਾ ਮਾਣ-ਸਤਿਕਾਰ ਦਿੱਤਾ ਹੈ। ਅਸੀਂ ਸਾਰੇ ਹੀ ਅਰਵਿੰਦ ਕੇਜਰੀਵਾਲ ਦੀ ਟੀਮ ਦੇ ਸਿਪਾਹੀ ਹਾਂ। ਆਮ ਆਦਮੀ ਪਾਰਟੀ ਅਤੇ ਸਰਕਾਰ ਦਾ ਇਕੋ-ਇਕ ਸੁਪਨਾ ਹੈ ਕਿ ਪੰਜਾਬ ਨੂੰ ਇਕ ਵਾਰ ਫਿਰ ਰੰਗਲਾ ਪੰਜਾਬ ਬਣਾਇਆ ਜਾਵੇ, ਜਿਸ ਨੂੰ ਲੈ ਕੇ ਸਰਕਾਰ ਨਿਰੰਤਰ ਯਤਨ ਕਰ ਰਹੀ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਅੱਜ ਦੇ ਇਸ ਪ੍ਰੋਗਰਾਮ ’ਚ ਜੁੜੇ ਪਾਰਟੀ ਆਗੂਆਂ ਦੇ ਵਰਕਰਾਂ ਨੂੰ ਇਹੋ ਅਪੀਲ ਕਰਦਾ ਹਾਂ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਹੁਣ ਤੋਂ ਹੀ ਤਗੜੇ ਹੋ ਜਾਓ ਅਤੇ ਸਾਰੀਆਂ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ’ਚ ਪਾਈਆਂ ਜਾਣ।
ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ 2022 ਦੀਆਂ ਚੋਣਾਂ ’ਚ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਭਾਜਪਾ ਦੇ ਕਾਂਗਰਸ ਵਾਲਿਆਂ ਨੂੰ ਸਿਰੇ ਤੋਂ ਨਕਾਰ ਕੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਫਤਵਾ ਦਿੱਤਾ ਸੀ, ਜਿਸ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਸੀ ਕਿ ਪੰਜਾਬ ਅੰਦਰ ਹੁਣ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦਾ ਕੋਈ ਵਜੂਦ ਨਹੀਂ ਰਿਹਾ।
ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਵਿਧਾਇਕ ਅਮਰਪਾਲ ਸਿੰਘ, ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਵਿਧਾਇਕ ਲਾਡੀ ਧੌਸ, ਵਿਧਾਇਕ ਸਰਵਨ ਸਿੰਘ ਧੁੰਨ, ਚੇਅਰਮੈਨ ਰਮਨ ਬਹਿਲ, ਚੇਅਰਮੈਨ ਯਸ਼ਪਾਲ ਚੌਹਾਨ, ਚੇਅਰਮੈਨ ਭਾਰਤ ਭੂਸ਼ਨ ਵਰਮਾ, ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਤੋਂ ਇਲਾਵਾ ਵੱਖ-ਵੱਖ ਹਲਕਿਆਂ ਦੇ ਇੰਚਾਰਜ, ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
Read More : 3 ਕਿਲੋ ਹੈਰੋਇਨ ਸਣੇ 5 ਸਮੱਗਲਰ ਗ੍ਰਿਫਤਾਰ