ਯੂ. ਪੀ. ਦੀ ਔਰਤ ਨੇ ਦਰਜ ਕਰਵਾਈ ਸ਼ਿਕਾਇਤ
ਗਾਜ਼ੀਆਬਾਦ, 29 ਜੂਨ : ਰਾਇਲ ਚੈਲੇਂਜਰਜ਼ ਬੰਗਲੁਰੂ ਦੇ ਪਹਿਲੇ ਆਈ. ਪੀ. ਐੱਲ. ਖਿਤਾਬ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਗੇਂਦਬਾਜ਼ ਯਸ਼ ਦਿਆਲ ਮੁਸ਼ਕਲ ਵਿਚ ਜਾਪਦੇ ਹਨ। ਇਕ ਔਰਤ ਨੇ ਉਸ ‘ਤੇ ਵਿਆਹ ਦਾ ਝਾਂਸਾ ਦੇ ਕੇ ਉਸ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ।
ਗਾਜ਼ੀਆਬਾਦ ਦੀ ਰਹਿਣ ਵਾਲੀ ਔਰਤ ਨੇ ਪੀ. ਐੱਮ. ਆਨਲਾਈਨ ਸ਼ਿਕਾਇਤ ਪੋਰਟਲ ’ਤੇ ਆਪਣੀ ਪਹਿਲੀ ਐੱਫ਼. ਆਈ. ਆਰ. ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਪੁਲਿਸ ਹਰਕਤ ਵਿਚ ਆ ਗਈ ਹੈ। ਰਿਪੋਰਟਾਂ ’ਤੇ ਵਿਸ਼ਵਾਸ ਕੀਤਾ ਜਾਵੇ ਤਾਂ ਇੰਦਰਾਪੁਰਮ ਦੇ ਸਰਕਲ ਅਫ਼ਸਰ ਨੇ ਮਾਮਲੇ ਨਾਲ ਸਬੰਧਤ ਰਿਪੋਰਟ ਮੰਗੀ ਹੈ। ਇਸ ਤੋਂ ਇਲਾਵਾ ਪੁਲਿਸ ਨੂੰ ਇਸ ਸਨਸਨੀਖ਼ੇਜ਼ ਖ਼ੁਲਾਸੇ ਨੂੰ ਸੁਲਝਾਉਣ ਲਈ 21 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਔਰਤ ਨੇ ਸ਼ਿਕਾਇਤ ਵਿਚ ਲਿਖਿਆ ਹੈ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਕ੍ਰਿਕਟਰ ਨਾਲ ਸਬੰਧਾਂ ਵਿਚ ਹੈ। ਵਿਆਹ ਦੇ ਬਹਾਨੇ ਔਰਤ ਦਾ ਭਾਵਨਾਤਮਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤਾ ਗਿਆ। ਭਾਰਤੀ ਕ੍ਰਿਕਟਰ ਨੇ ਔਰਤ ਨੂੰ ਅਪਣੇ ਪਰਵਾਰ ਨਾਲ ਮਿਲਾਇਆ ਅਤੇ ਹਮੇਸ਼ਾ ਉਸ ਨਾਲ ਪਤੀ ਵਾਂਗ ਵਿਵਹਾਰ ਕੀਤਾ। ਜਿਸ ਕਾਰਨ ਉਹ ਉਸ ’ਤੇ ਭਰੋਸਾ ਕਰਨ ਲੱਗ ਪਈ। ਜਦੋਂ ਔਰਤ ਨੂੰ ਧੋਖੇ ਦਾ ਅਹਿਸਾਸ ਹੋਇਆ ਅਤੇ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਇੰਨਾ ਹੀ ਨਹੀਂ, ਉਸ ਨੂੰ ਮਾਨਸਿਕ ਤੌਰ ’ਤੇ ਵੀ ਤਸੀਹੇ ਦਿਤੇ ਗਏ।
ਦੱਸ ਦਈਏ ਕਿ ਔਰਤ ਨੇ 14 ਜੂਨ, 2025 ਨੂੰ ਮਹਿਲਾ ਹੈਲਪਲਾਈਨ ’ਤੇ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਬਿਆਨ ਵਿਚ ਇਹ ਵੀ ਦਰਜ ਕੀਤਾ ਗਿਆ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਦਿਆਲ ਨੇ ਲੋੜ ਪੈਣ ’ਤੇ ਉਸ ਤੋਂ ਪੈਸੇ ਵੀ ਲਏ।
ਔਰਤ ਦੇ ਅਨੁਸਾਰ ਉਹ ਇਕੱਲੀ ਨਹੀਂ ਹੈ, ਸਗੋਂ ਦਿਆਲ ਨੇ ਹੋਰ ਔਰਤਾਂ ਨਾਲ ਵੀ ਅਜਿਹਾ ਕੀਤਾ ਹੈ। ਉਸ ਕੋਲ ਦੋਵਾਂ ਵਿਚਕਾਰ ਹੋਈ ਗੱਲਬਾਤ ਦੇ ਸਕ੍ਰੀਨਸ਼ਾਟ, ਵੀਡੀਉ ਕਾਲ ਹਿਸਟਰੀ ਅਤੇ ਸਬੂਤ ਵਜੋਂ ਫ਼ੋਟੋਆਂ ਹਨ। ਸ਼ਿਕਾਇਤਕਰਤਾ ਔਰਤ ਵਲੋਂ ਮਾਮਲੇ ਦੀ ਜਲਦੀ ਤੋਂ ਜਲਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ।
Read More : ਵਿਸ਼ਵ ਮੁੱਕੇਬਾਜ਼ੀ ਕੱਪ ਲਈ ਭਾਰਤੀ ਟੀਮ ਦਾ ਐਲਾਨ