Darya Ravi

ਡੀ. ਸੀ. ਨੇ ਰਾਵੀ ਨੇੜੇ ਇਲਾਕਿਆਂ ’ਚ ਹੜ੍ਹ ਰੋਕੂ ਪ੍ਰਬੰਧਾਂ ਦਾ ਲਿਆ ਜਾਇਜ਼ਾ

ਡਰੇਨਜ ਵਿਭਾਗ ਦੇ ਅਧਿਕਾਰੀਆਂ ਨੂੰ ਸਾਰੇ ਹੜ੍ਹ ਰੋਕੂ ਪ੍ਰਬੰਧ ਜਲਦ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼

ਗੁਰਦਾਸਪੁਰ, 28 ਜੂਨ :- ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ, ਆਈ. ਏ. ਐੱਸ. ਵੱਲੋਂ ਬਰਸਾਤੀ ਸੀਜ਼ਨ ਦੌਰਾਨ ਹੜ੍ਹ ਦੀ ਰੋਕਥਾਮ ਲਈ ਕੀਤੇ ਗਏ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਅਧਿਕਾਰੀਆਂ ਦੇ ਨਾਲ ਰਾਵੀ ਦਰਿਆ ਦੇ ਨਾਲ ਲੱਗਦੇ ਇਲਾਕੇ ਮਕੌੜਾ ਪੱਤਣ, ਆਦੀਆਂ ਅਤੇ ਡੇਰਾ ਬਾਬਾ ਨਾਨਕ ਦੇ ਘਣੀਏ-ਕੇ-ਬੇਟ ਤੇ ਘੋਨੇਵਾਲ ਦਾ ਦੌਰਾ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਨਾਲ ਐੱਸ. ਡੀ. ਐੱਮ. ਦੀਨਾਨਗਰ ਜਸਪਿੰਦਰ ਸਿੰਘ ਭੁੱਲਰ, ਆਈ. ਏ. ਐੱਸ., ਐਕਸੀਅਨ ਡਰੇਨਜ਼ ਦਿਲਪ੍ਰੀਤ ਸਿੰਘ, ਐਕਸੀਅਨ ਮੰਡੀ ਬੋਰਡ ਬਲਦੇਵ ਸਿੰਘ ਬਾਜਵਾ, ਸਕੱਤਰ ਜ਼ਿਲਾ ਪ੍ਰੀਸ਼ਦ ਜ਼ੀਨਤ ਖੈਹਿਰਾ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਹੜ੍ਹ ਰੋਕੂ ਪ੍ਰਬਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਰਿਆ ਰਾਵੀ ਦੇ ਕਿਨਾਰਿਆਂ ’ਤੇ ਚੱਲ ਰਹੇ ਹੜ੍ਹ ਰੋਕੂ ਪ੍ਰਬੰਧਾਂ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ।

ਦਰਿਆ ਰਾਵੀ ’ਚ ਉੱਜ ਦਰਿਆ ਕਾਰਨ ਆਉਂਦੇ ਹੜ੍ਹਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉੱਜ ਦਰਿਆ ਦੇ ਪਾਣੀ ਦੇ ਪੱਧਰ ਉੱਪਰ ਪੂਰੀ ਤਰਾਂ ਨਜ਼ਰ ਰੱਖੀ ਜਾਵੇ ਅਤੇ ਜਦੋਂ ਵੀ ਦਰਿਆ ਉੱਜ ਰਾਹੀਂ ਜਾਂ ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ ’ਚ ਪਾਣੀ ਛੱਡਿਆ ਜਾਂਦਾ ਹੈ ਤਾਂ ਇਸਦੀ ਅਗਾਊਂ ਸੂਚਨਾ ਲੋਕਾਂ ਤੱਕ ਪਹੁੰਚਾਈ ਜਾਵੇ।

ਮਕੌੜਾ ਪੱਤਣ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸਥਾਨਿਕ ਲੋਕਾਂ ਅਤੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਅਤੇ ਬੀਤੇ ਸਮੇਂ ਵਿੱਚ ਆਏ ਹੜ੍ਹਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਘਣੀਏ-ਕੇ-ਬੇਟ ਤੇ ਘੋਨੇਵਾਲ ਇਲਾਕੇ ਦਾ ਦੌਰਾ ਕਰਕੇ ਓਥੇ ਕੀਤੇ ਜਾ ਰਹੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ।

ਇਸ ਦੌਰਾਨ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤੀ ਸੀਜ਼ਨ ਦੌਰਾਨ ਹੜ੍ਹਾਂ ਦੇ ਕਿਸੇ ਵੀ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਵੱਲੋਂ ਨਾਜੁਕ ਥਾਵਾਂ ਉੱਪਰ ਅਗੇਤੇ ਹੀ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਾਰਾ ਖਾਕਾ ਤਿਆਰ ਕਰ ਲਿਆ ਗਿਆ ਹੈ।

ਉਨ੍ਹਾਂ ਦਰਿਆਵਾਂ ਦੇ ਨੇੜੇ ਰਹਿੰਦੇ ਲੋਕਾਂ ਨੂੰ ਚੌਕਸ ਰਹਿਣ ਅਤੇ ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਹੈ।

Read More : ਗੈਂਗਸਟਰ ਜੱਗੂ ਦੇ ਪਰਿਵਾਰ ਨੇ ਲਾਸ਼ਾਂ ਹਾਈਵੇ ’ਤੇ ਰੱਖ ਕੇ ਦਿੱਤਾ ਧਰਨਾ

Leave a Reply

Your email address will not be published. Required fields are marked *