ਜ਼ਮੀਨੀ ਮਾਮਲੇ ’ਚ ਕੇਸ ਦਰਜ ਹੋਣ ਤੋਂ ਬਾਅਦ ਰਿਮਾਂਡ ’ਤੇ ਸੀ ਕਰਮਜੀਤ ਸਿੰਘ
ਪਟਿਆਲਾ, 28 ਜੂਨ :- ਸਨੌਰ ਥਾਣੇ ਦੀ ਪੁਲਸ ਹਿਰਾਸਤ ਵਿਚ ਹਾਰਟ ਅਟੈਕ ਨਾਲ ਇਕ ਬਜ਼ੁਰਗ ਦੀ ਮੌਤ ਹੋ ਗਈ ਹੈ, ਜਿਸ ਨੂੰ ਲੈ ਕੇ ਅੱਜ ਕਾਫੀ ਹੰਗਾਮਾ ਵੀ ਹੋਇਆ। ਸੰਗਰੂਰ ਦੇ ਰਹਿਣ ਵਾਲੇ ਕਰਮਜੀਤ ਸਿੰਘ ਜਿਸ ਉੱਪਰ ਜ਼ਮੀਨੀ ਮਾਮਲੇ ’ਚ ਜਾਅਲੀ ਵਸੀਅਤ ਬਣਾਉਣ ਨੂੰ ਲੈ ਕੇ ਕੇਸ ਦਰਜ ਹੈ। ਪੁਲਸ ਨੇ ਕੇਸ ’ਚ ਮਾਣਯੋਗ ਕੋਰਟ ਤੋਂ ਰਿਮਾਂਡ ਵੀ ਲਿਆ ਸੀ ਅਤੇ ਇਸ ਤਹਿਤ ਹੀ ਸੰਗਰੂਰ ਤੋਂ ਕਰਮਜੀਤ ਸਿੰਘ ਦੀ ਗ੍ਰਿਫਤਾਰੀ ਕੀਤੀ ਗਈ ਸੀ।
ਲੰਘੀ ਦੇਰ ਰਾਤ ਕਰਮਜੀਤ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ, ਜਿਸ ਨੂੰ ਲੈ ਕੇ ਅੱਜ ਕਾਫੀ ਘਸਮਾਨ ਮਚਿਆ ਰਿਹਾ। ਪਰਿਵਾਰ ਨੇ ਸਨੌਰ ਪੁਲਸ ’ਤੇ ਦੋਸ਼ ਵੀ ਲਾਏ ਹਨ। ਦੇਰ ਸ਼ਾਮ ਤੱਕ ਮਾਮਲਾ ਸਟੈਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਸਨ।
ਅਸੀਂ ਕਰਮਜੀਤ ਸਿੰਘ ਨਾਲ ਕੋਈ ਧੱਕਾ ਨਹੀਂ ਕੀਤਾ : ਐੱਸ. ਐੱਚ. ਓ.
ਦੂਸਰੇ ਪਾਸੇ ਐੱਸ. ਐੱਚ. ਓ. ਸਨੌਰ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਮਾਣਯੋਗ ਕੋਰਟ ਤੋਂ ਪੁਲਸ ਰਿਮਾਂਡ ਲਿਆ ਹੋਇਆ ਸੀ ਅਤੇ ਪਰਚੇ ਦਰਜ ਦੇ ਕੇਸ ’ਚ ਕਰਮਜੀਤ ਸਿੰਘ ਨੂੰ ਲਿਆਂਦਾ ਗਿਆ ਸੀ। ਉਨ੍ਹਾਂ ਆਖਿਆ ਕਿ ਅਸੀਂ ਕਿਸੇ ਤਰ੍ਹਾਂ ਦਾ ਤਸ਼ੱਦਦ ਨਹੀਂ ਕੀਤਾ। ਕਰਮਜੀਤ ਸਿੰਘ ਦੀ ਉਮਰ ਵੀ ਜ਼ਿਆਦਾ ਸੀ।
ਉਨ੍ਹਾਂ ਕਿਹਾ ਕਿ ਅਸੀਂ ਕਰਮਜੀਤ ਸਿੰਘ ਨੂੰ ਬਿਲਕੁੱਲ ਵੀ ਹੱਥ ਤੱਕ ਨਹੀਂ ਲਾਇਆ ਅਤੇ ਉਨ੍ਹਾਂ ਨੂੰ ਸੋਣ ਲਈ ਮੰਜਾ ਵੀ ਦਿੱਤਾ ਗਿਆ ਪਰ ਰਾਤ ਨੂੰ ਹਾਰਟ ਅਟੈਕ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਬਾਕੀ ਪੋਸਟਮਾਰਟਮ ’ਚ ਵੀ ਸਭ ਕੁਝ ਕਲੀਅਰ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਅਸੀਂ ਸਭ ਕੁਝ ਕਾਨੂੰਨ ਅਨੁਸਾਰ ਹੀ ਕਰ ਰਹੇ ਹਾਂ।
ਪੁਲਸ ਨੇ ਸੰਗਰੂਰ ਤੋਂ ਪਤੀ-ਪਤਨੀ ਨੂੰ ਲਿਆ ਸੀ ਹਿਰਾਸਤ ’ਚ
ਬਜ਼ੁਰਗਰ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਥਾਣਾ ਸਨੌਰ ਦੀ ਪੁਲਸ ਨੇ 72 ਸਾਲਾ ਕਰਮਜੀਤ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਵਾਸੀ ਸੰਗਰੂਰ ਨੂੰ ਹਿਰਾਸਤ ’ਚ ਲਿਆ ਗਿਆ ਸੀ। ਇਨ੍ਹਾਂ ’ਚੋਂ ਕਰਮਜੀਤ ਸਿੰਘ ਦੀ ਸ਼ਨੀਵਾਰ ਸਵੇਰੇ ਮੌਤ ਹੋ ਗਈ। ਸੂਚਨਾ ਪੁਲਸ ਵਾਲਿਆਂ ਨੇ ਇਸ ਦੀ ਪਰਿਵਾਰ ਮੈਂਬਰਾਂ ਨੂੰ ਫੋਨ ਕਰ ਕੇ ਦਿੱਤੀ।
ਪੋਸਟਮਾਰਟਮ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚੇ ਪਰਿਵਾਰ ਦੇ ਮੈਂਬਰਾਂ ’ਚ ਸ਼ਾਮਲ ਚੇਤਨ ਸ਼ਰਮਾ ਨੇ ਦੱਸਿਆ ਕਿ ਕਰਮਜੀਤ ਸਿੰਘ ਦੇ ਪੋਤੇ ਨੇ ਆਪਣੀ ਜ਼ਮੀਨ ਦੀ ਪਾਵਰ ਆਫ ਅਟਾਰਨੀ ਬਜ਼ੁਰਗਾਂ ਦੇ ਨਾਂ ਕਰ ਦਿੱਤੀ ਸੀ। ਵਿਰੋਧੀ ਪੱਖ ਨੇ ਇਸ ਪਾਵਰ ਆਫ ਅਟਰਨੀ ਨੂੰ ਨਕਲੀ ਹੋਣ ਦਾ ਦੋਸ਼ ਲਾਇਆ ਹੈ। ਚੇਤਨ ਨੇ ਦੱਸਿਆ ਕਿ ਬਜ਼ੁਰਗਾਂ ਨੂੰ 25 ਜੂਨ ਦੀ ਰਾਤ ਨੂੰ ਪੁਲਸ ਨੇ ਉਨ੍ਹਾਂ ਦੇ ਘਰਾਂ ਤੋਂ ਹਿਰਾਸਤ ਵਿਚ ਲਿਆ ਸੀ। ਉਨ੍ਹਾਂ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਸੀ, ਜੋ ਪੂਰੀ ਤਰ੍ਹਾਂ ਠੀਕ ਸੀ।
ਉਨ੍ਹਾਂ ਨੇ ਦੋਸ਼ ਲਾਇਆ ਕਿ ਪੁਲਸ ਉਨ੍ਹਾਂ ’ਤੇ ਜ਼ਮੀਨ ਵਿਰੋਧੀ ਪੱਖ ਦੇ ਨਾਂ ਕਰਨ ਦਾ ਦਬਾਅ ਬਣਾ ਰਹੀ ਸੀ। ਪਰਿਵਾਰ ਦੇ ਮੈਂਬਰਾਂ ਦਾ ਦੋਸ਼ ਹੈ ਕਿ ਬਜ਼ੁਰਗ ਕਰਮਜੀਤ ਸਿੰਘ ਦੀ ਮੌਤ ਪੁਲਸ ਦੀ ਹਿਰਾਸਤ ਵਿਚ ਹੋਈ ਹੈ, ਜਿਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਪੁਲਸ ਅਜੇ ਤੱਕ ਇਸ ਮਾਮਲੇ ’ਚ ਕੁਝ ਵੀ ਕਹਿਣ ਤੋਂ ਬਚ ਰਹੀ ਹੈ।
Read More : ਲਾਪ੍ਰਵਾਹੀ ; ਜੇਲ ਡਿਪਟੀ ਸੁਪਰਡੈਂਟ ਸਮੇਤ 6 ਮੁਲਾਜ਼ਮ ਮੁਅੱਤਲ