ਇਕ ਰਿਵਾਲਵਰ ਅਤੇ ਮੋਟਰਸਾਈਕਲ ਬਰਾਮਦ
ਹੁਸ਼ਿਆਰਪੁਰ, 28 ਜੂਨ :- ਜ਼ਿਲਾ ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡ ਬਾੜੀਆਂ ਕਲਾਂ ਨੇੜੇ ਪੁਲਸ ਅਤੇ ਲੁਟੇਰਿਆਂ ਵਿਚਕਾਰ ਹੋਏ ਮੁਕਾਬਲੇ ਵਿਚ ਇਕ ਲੁਟੇਰੇ ਦੀ ਲੱਤ ’ਤੇ ਗੋਲੀ ਲੱਗੀ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ ਵੀ ਭਾਰੀ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ।
ਇਸ ਸਬੰਧੀ ਐੱਸ. ਐੱਸ. ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬੀਤੇ ਦਿਨੀਂ ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ਦੇ ਪਿੰਡ ਭਾਮ ਵਿਚ ਇਨ੍ਹਾਂ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ’ਤੇ ਇਕ ਵੈਸਟਰਨ ਯੂਨੀਅਨ ਦੀ ਦੁਕਾਨ ’ਤੇ ਲੱਖਾਂ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।
ਇਸ ਮਾਮਲੇ ਵਿਚ ਪੁਲਸ ਵੱਲੋਂ ਜਿੱਥੇ ਪਹਿਲਾਂ ਹੀ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਸੀ, ਉੱਥੇ ਅੱਜ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਾਕੀ ਰਹਿੰਦੇ ਦੋ ਮੁਲਜ਼ਮ ਇਸ ਇਲਾਕੇ ਵਿਚ ਘੁੰਮ ਰਹੇ ਹਨ। ਜਦੋਂ ਚੱਬੇਵਾਲ ਥਾਣੇ ਦੀ ਪੁਲਸ ਟੀਮ ਅਤੇ ਸੀ.ਆਈ.ਏ. ਸਟਾਫ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਲੁਟੇਰਿਆਂ ਵੱਲੋਂ ਪੁਲਸ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਜਵਾਬੀ ਫਾਇਰਿੰਗ ਵਿਚ ਇਕ ਲੁਟੇਰੇ ਨੂੰ ਤਾਂ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਤੇ ਇਕ ਦੀ ਲੱਤ ’ਤੇ ਗੋਲੀ ਜਾ ਲੱਗੀ। ਜਿਸ ਤੋਂ ਬਾਅਦ ਤੁਰੰਤ ਸੀ.ਆਈ.ਏ. ਸਟਾਫ ਦੀ ਪੁਲਸ ਵੱਲੋਂ ਉਕਤ ਨੌਜਵਾਨ, ਜੋ ਕਿ ਜਲੰਧਰ ਜ਼ਿਲੇ ਦਾ ਰਹਿਣ ਵਾਲਾ ਹੈ। ਉਸਨੂੰ ਹੁਣ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਕਿ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਐੱਸ. ਐੱਸ. ਪੀ. ਸੰਦੀਪ ਕੁਮਾਰ ਮਲਿਕ ਨੇ ਇਹ ਵੀ ਦੱਸਿਆ ਕਿ ਜੋ ਨੌਜਵਾਨ ਦਲਜੀਤ ਸਿੰਘ ਉਰਫ ਡੱਲੀ ਇਸ ਮੁਕਾਬਲੇ ਵਿਚ ਜ਼ਖਮੀ ਹੋਇਆ, ਜਿਸ ਦੀ ਲੱਤ ’ਤੇ ਗੋਲੀ ਵੱਜੀ ਹੈ, ਉਸ ’ਤੇ ਪਹਿਲਾਂ 15 ਮਾਮਲੇ ਦਰਜ ਹਨ।
ਪੁਲਸ ਵੱਲੋਂ ਦਲਜੀਤ ਸਿੰਘ ਉਰਫ ਡੱਲੀ ਪੁੱਤਰ ਬਲਵਿੰਦਰ ਸਿੰਘ ਸਾਦਕਪੁਰ ਥਾਣਾ ਸ਼ਾਹਕੋਟ ਜ਼ਿਲਾ ਜਲੰਧਰ ਅਤੇ ਜਸਵਿੰਦਰ ਸਿੰਘ ਉਰਫ ਅੰਗਰੇਜ਼ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਸ਼ੇਖੂਪੁਰ ਹਾਲ ਵਾਸੀ ਨਰੂੜ ਥਾਣਾ ਰਾਵਲਪਿੰਡੀ ਜ਼ਿਲਾ ਕਪੂਰਥਲਾ ਨੂੰ ਕਾਬੂ ਕਰ ਕੇ ਉਨ੍ਹਾਂ ਵੱਲੋਂ ਵਰਤਿਆ ਗਿਆ ਇਕ ਮੋਟਰਸਾਈਕਲ ਅਤੇ 32 ਬੋਰ ਦਾ ਰਿਵਾਲਵਰ ਕਬਜ਼ੇ ਵਿਚ ਲੈ ਲਿਆ ਗਿਆ। ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਦਿਲਜੀਤ ਦੁਸਾਂਝ ਦੇ ਹੱਕ ’ਚ ਨਿੱਤਰੀ ਦਿੱਲੀ ਗੁਰਦੁਆਰਾ ਕਮੇਟੀ