ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਰਹਿਣ ਦੀ ਦਿੱਤੀ ਸਲਾਹ
ਕੁੱਲੂ , 25 ਜੂਨ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੀ ਸੈਂਜ ਘਾਟੀ ’ਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਲਾਕੇ ਦੇ ਜੀਵਾ ਨਾਲੇ ’ਚ ਭਾਰੀ ਹੜ੍ਹ ਆ ਗਿਆ, ਜਿਸ ਕਾਰਨ ਇਕ ਹਾਈਡਰੋ ਪ੍ਰੋਜੈਕਟ ਕੰਪਨੀ ਦੀ ਸੜਕ ਅਤੇ ਸ਼ੈੱਡ ਵਹਿ ਗਏ। ਜੀਵਾ ਨਾਲੇ ਵਿਚ ਹੜ੍ਹ ਆਉਣ ਨਾਲ ਭਾਰੀ ਮਲਬਾ ਨਦੀ ਵਿਚ ਆ ਗਿਆ। ਇਸ ਦੌਰਾਨ ਆਲੇ-ਦੁਆਲੇ ਦੇ ਇਲਾਕਿਆਂ ਵਿਚ ਅਲਰਟ ਜਾਰੀ ਕਰ ਦਿੱਤਾ ਹੈ।
ਸਥਾਨਕ ਪ੍ਰਸ਼ਾਸਨ ਅਨੁਸਾਰ ਪਾਰਵਤੀ ਨਦੀ ਵੀ ਉਛਾਲ ’ਤੇ ਹੈ। ਹਾਲਾਂਕਿ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਸਾਵਧਾਨੀ ਵਜੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਟੀਮਾਂ ਮੌਕੇ ’ਤੇ ਸਥਿਤੀ ਦੀ ਨਿਗਰਾਨੀ ਕਰ ਰਹੀਆਂ ਹਨ। ਸਥਾਨਕ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਦਰਿਆਵਾਂ ਅਤੇ ਨਾਲਿਆਂ ਦੇ ਕੰਢਿਆਂ ਦੇ ਨੇੜੇ ਨਾ ਜਾਣ ਅਤੇ ਮੌਸਮ ਵਿਭਾਗ ਦੀਆਂ ਚਿਤਾਵਨੀਆਂ ਵੱਲ ਧਿਆਨ ਦੇਣ।