ਅੱਗ ਫੈਲਣ ਦੇ ਡਰ ਕਾਰਨ ਵਾਹਨ ਛੱਡ ਕੇ ਭੱਜੇ ਲੋਕ
ਜੈਪੁਰ, 25 ਜੂਨ : ਜੈਪੁਰ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ ਟੈਂਕਰ ਚਾਲਕ ਜ਼ਿੰਦਾ ਸੜ ਗਿਆ। ਬੁੱਧਵਾਰ ਸਵੇਰੇ 8.30 ਵਜੇ ਦੇ ਕਰੀਬ ਨੈਸ਼ਨਲ ਹਾਈਵੇਅ-48 ’ਤੇ ਜ਼ਿਲ੍ਹੇ ਦੇ ਮੋਖਮਪੁਰਾ ਕਸਬੇ ਵਿਚ ਇਕ ਕੈਮੀਕਲ ਵਾਲਾ ਟੈਂਕਰ ਪਲਟ ਗਿਆ, ਜਿਸ ਕਾਰਨ ਟੈਂਕਰ ਨੂੰ ਅੱਗ ਲੱਗ ਗਈ।
ਇਸ ਦੌਰਾਨ ਟੈਂਕਰ ਵਿਚ ਭਰਿਆ ਕੈਮੀਕਲ ਮੀਥੇਨੌਲ ਹਾਈਵੇਅ ’ਤੇ ਡੁੱਲ ਗਿਆ। ਅੱਗ ਫੈਲਣ ਦੇ ਡਰ ਕਾਰਨ ਟੈਂਕਰ ਦੇ ਨੇੜੇ ਜਾ ਰਹੇ ਵਾਹਨ ਹਾਈਵੇਅ ’ਤੇ ਰੁਕ ਗਏ। ਕਈ ਡਰਾਈਵਰ ਆਪਣੇ ਵਾਹਨ ਛੱਡ ਕੇ ਮੌਕੇ ਤੋਂ ਭੱਜ ਗਏ। ਹਾਦਸੇ ਤੋਂ ਬਾਅਦ ਹਾਈਵੇਅ ’ਤੇ ਲਗਭਗ ਅੱਧੇ ਘੰਟੇ ਤੱਕ ਜਾਮ ਰਿਹਾ। ਕੈਮੀਕਲ ਟੈਂਕਰ ਨੂੰ ਅੱਗ ਲੱਗਣ ਤੋਂ ਬਾਅਦ ਪੂਰੇ ਇਲਾਕੇ ਵਿਚ ਆਵਾਜਾਈ ਬੰਦ ਕਰ ਦਿੱਤੀ ਗਈ।
ਮੋਖਮਪੁਰਾ ਥਾਣੇ ਦੇ ਹੈੱਡ ਕਾਂਸਟੇਬਲ ਮਦਨ ਕਸਵਾ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਟੀਮ ਮੌਕੇ ’ਤੇ ਪਹੁੰਚੀ। ਇਸ ਹਾਦਸੇ ਵਿਚ ਟੈਂਕਰ ਚਾਲਕ ਰਾਜੇਂਦਰ ਜ਼ਿੰਦਾ ਸੜ ਗਿਆ। ਟੈਂਕਰ ਵਿਚ ਲੱਗੀ ਅੱਗ ਅਤੇ ਧੂੰਆਂ ਲਗਭਗ 300 ਮੀਟਰ ਦੂਰ ਤੋਂ ਦਿਖਾਈ ਦੇ ਰਿਹਾ ਸੀ। ਇਸ ਕਾਰਨ ਹਾਈਵੇਅ ’ਤੇ ਚੱਲ ਰਹੇ ਹੋਰ ਵਾਹਨਾਂ ਦੇ ਚਾਲਕ ਵੀ ਡਰ ਗਏ। ਬਹੁਤ ਸਾਰੇ ਲੋਕ ਆਪਣੇ ਵਾਹਨ ਹਾਈਵੇਅ ’ਤੇ ਛੱਡ ਕੇ ਖੇਤਾਂ ਵਿੱਚ ਭੱਜ ਗਏ।
Read More : ਮਜੀਠਿਆ ਦੇ ਘਰ ਵਿਜੀਲੈਂਸ ਦੀ ਰੇਡ