ਪ੍ਰੀ- ਪ੍ਰਾਇਮਰੀ ਤੋਂ ਦੂਜੀ ਤੱਕ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਜਾਣਕਾਰੀ ਮੰਗੀ
ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਸਾਲ 2024-25 ਲਈ ਲੋੜੀਂਦਾ ਡਾਟਾ ਜਮ੍ਹਾ ਕਰਾਉਣ ਲਈ ਨਿਰਦੇਸ਼ ਜਾਰੀ
ਲੁਧਿਆਣਾ, 24 ਜੂਨ : ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ, ਪੰਜਾਬ ਵਲੋਂ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ ਸਿੱਖਿਆ) ਨੂੰ ਸਾਲ 2024-25 ਲਈ ਲੋੜੀਂਦਾ ਡਾਟਾ ਜਮ੍ਹਾ ਕਰਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਸ ਜਾਣਕਾਰੀ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਡਾਟਾ ਭਾਰਤ ਸਰਕਾਰ ਦੇ ਐੱਨ. ਬੀ. ਐੱਮ. ਪੀ. ਆਈ. ਟੀ. ਪੋਰਟਲ ’ਤੇ ਭਰਨਾ ਹੋਵੇਗਾ (31 ਮਾਰਚ 2025 ਤੱਕ)। ਇਸ ਲਈ ਉਨ੍ਹਾਂ ਅਧਿਆਪਕਾਂ ਦੀ ਜਾਣਕਾਰੀ ਲਾਜ਼ਮੀ ਤੌਰ ’ਤੇ ਮੰਗੀ ਗਈ ਹੈ, ਜੋ ਸੈਸ਼ਨ 2024-25 ’ਚ ਪ੍ਰੀ- ਪ੍ਰਾਇਮਰੀ, ਪਹਿਲੀ ਅਤੇ ਦੂਜੀ ਜਮਾਤਾਂ ਪੜ੍ਹਾ ਰਹੇ ਹਨ।
ਕੌਂਸਲ ਨੇ ਕਿਹਾ ਹੈ ਕਿ ਜਾਰੀ ਕੀਤੇ ਪ੍ਰੋਫਾਰਮੇ ’ਚ ਹਰ ਸਕੂਲ ਨਾਲ ਸਬੰਧਤ ਡਾਟਾ ਇਕੱਠਾ ਕਰਨਾ ਹੋਵੇਗਾ ਅਤੇ ਸਬੰਧਤ ਜ਼ਿਲਾ ਦਫਤਰਾਂ ਰਾਹੀਂ ਹੈੱਡਕੁਆਰਟਰ ਨੂੰ ਭੇਜਣਾ ਹੋਵੇਗਾ। ਇਹ ਨਿਰਦੇਸ਼ ਸਿਰਫ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ’ਤੇ ਲਾਗੂ ਹੋਣਗੇ, ਜਿਥੇ ਪ੍ਰੀ-ਪ੍ਰਾਇਮਰੀ ਜਾਂ ਪ੍ਰਾਇਮਰੀ ਜਮਾਤਾਂ ਚਲਾਈਆਂ ਜਾਂਦੀਆਂ ਹਨ। ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਡਾਟਾ ਇਕੱਠਾ ਕਰਨ ਤੋਂ ਬਾਅਦ ਇਸ ਨੂੰ ਵਿਭਾਗ ਦੇ ਈ-ਮੇਲ (parhopunjab@punjabeducation.gov.in) ’ਤੇ ਭੇਜਿਆ ਜਾਵੇ।
Read More : ਸੂਬੇ ਦੀ ਧਰੋਹਰ ਸੰਭਾਲਣ ਵਾਲੇ ਪੁਰਾਲੇਖ ਵਿਭਾਗ ਦੀ ਹੋਵੇਗੀ ਕਾਇਆ-ਕਲਪ : ਸੌਂਦ
