ਫਿਰੋਜ਼ਪੁਰ ਪੁਲਿਸ ਨੇ 2 ਨਸ਼ਾ ਸਮੱਗਲਰਾਂ ਨੂੰ ਕੀਤਾ ਗ੍ਰਿਫਤਾਰ
ਫਿਰੋਜ਼ਪੁਰ, 23 ਜੂਨ :– ਜ਼ਿਲਾ ਫਿਰੋਜ਼ਪੁਰ ਦੀ ਪੁਲਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਂਦੇ ਹੋਏ ਦੋ ਨਸ਼ਾ ਸਮੱਗਲਰਾਂ ਨੂੰ 4 ਕਿਲੋ 916 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।
ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਡੀ. ਐੱਸ. ਪੀ. ਸਬ-ਡਵੀਜ਼ਨ ਫ਼ਿਰੋਜ਼ਪੁਰ ਕਰਨ ਸ਼ਰਮਾ ਅਤੇ ਥਾਣਾ ਘੱਲ ਖੁਰਦ ਦੇ ਐੱਸ. ਐੱਚ. ਓ .ਇੰਸਪੈਕਟਰ ਗੁਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਘੱਲ ਖੁਰਦ ਦੀ ਪੁਲਸ ਪਾਰਟੀ ਏ. ਐੱਸ. ਆਈ . ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਬੱਸ ਅੱਡਾ ਫਿਰੋਜ਼ਸ਼ਾਹ ਦੇ ਏਰੀਆ ’ਚ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਨਿਰਮਲ ਸਿੰਘ ਉਰਫ ਸੋਨੂੰ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਨਿਹੰਗਾ ਵਾਲਾ ਝੁੱਗੇ ਵੱਡੇ ਪੱਧਰ ’ਤੇ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਹੁਣ ਵੀ ਉਸ ਕੋਲ ਹੈਰੋਇਨ ਦੀ ਵੱਡੀ ਖੇਪ ਹੈ।
ਇਸ ਦੌਰਾਨ ਡੀ. ਐੱਸ. ਪੀ. ਕਰਨ ਸ਼ਰਮਾ ਅਤੇ ਐੱਸ. ਐੱਚ. ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਅੰਗਰੇਜ਼ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਨਾਮਜ਼ਦ ਕਥਿਤ ਸਮੱਗਲਰ ਨਿਰਮਲ ਸਿੰਘ ਉਰਫ ਸੋਨੂੰ ਨੂੰ ਗ੍ਰਿਫਤਾਰ ਕਰ ਲਿਆ, ਜਿਸ ਕੋਲੋਂ 4 ਕਿਲੋ 516 ਗ੍ਰਾਮ ਹੈਰੋਇਨ, 1540 ਰੁਪਏ, ਇਕ ਓਪੋ ਕੰਪਨੀ ਦਾ ਟੱਚ ਸਕਰੀਨ ਮੋਬਾਈਲ ਫੋਨ ਅਤੇ ਬੈਗ ਪਾਰਸਲ ਬਰਾਮਦ ਕੀਤਾ ਗਿਆ।
ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਸਮੱਗਲਰ ਨੇ ਇਹ ਹੈਰੋਇਨ ਪਾਕਿਸਤਾਨੀ ਸਮੱਗਲਰਾਂ ਤੋਂ ਪ੍ਰਾਪਤ ਕੀਤੀ ਸੀ। ਪੁਲਸ ਵੱਲੋਂ ਫੜੇ ਗਏ ਨਸ਼ਾ ਸਮੱਗਲਰ ਖਿਲਾਫ ਥਾਣਾ ਘੱਲ ਖੁਰਦ ’ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਕਰਦੇ ਹੋਏ ਉਸ ਦੇ ਪਿਛਲੇ ਅਤੇ ਅਗਲੇ ਲਿੰਕਾਂ ਦਾ ਪਤਾ ਲਾਇਆ ਜਾ ਰਿਹਾ ਹੈ ਅਤੇ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ’ਤੇ ਲੈ ਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ। ਪੁਲਸ ਨੂੰ ਇਸ ਸਮੱਗਲਰ ਤੋਂ ਬਹੁਤ ਮਹੱਤਵਪੂਰਨ ਜਾਣਕਾਰੀ ਮਿਲ ਰਹੀ ਹੈ, ਜਿਸ ’ਤੇ ਪੁਲਸ ਕੰਮ ਕਰ ਰਹੀ ਹੈ ਅਤੇ ਇਸ ਸਮੱਗਲਰ ਤੋਂ ਹੋਰ ਵੀ ਬਹੁਤ ਕੁਝ ਬਰਾਮਦ ਹੋਣ ਦੀ ਸੰਭਾਵਨਾ ਹੈ।
ਐੱਸ. ਪੀ. ਡਿਟੈਕਟਿਵ ਫਿਰੋਜ਼ਪੁਰ ਮਨਜੀਤ ਸਿੰਘ ਅਤੇ ਡੀ. ਐੱਸ. ਪੀ. ਡਿਟੈਕਟਿਵ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਦੀ ਪੁਲਸ ਨੇ ਮੋਟਰਸਾਈਕਲ ਦੇ ਨਾਲ ਰੱਖੜ ਰੋਡ ’ਤੇ ਨਸ਼ਾ ਸਮੱਗਲਰ ਗੁਰਜੀਤ ਸਿੰਘ (24) ਪੁੱਤਰ ਸੁਖਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੀ ਤਲਾਸ਼ੀ ਲੈਣ ’ਤੇ 400 ਗ੍ਰਾਮ ਹੈਰੋਇਨ ਬਰਾਮਦ ਹੋਈ।
ਨਾਮਜ਼ਦ ਸਮੱਗਲਰਾਂ ਦੁਆਰਾ ਇਹ ਹੈਰੋਇਨ ਕਿਵੇਂ ਅਤੇ ਕਿਸ ਰਸਤੇ ਮੰਗਵਾਈ ਗਈ ਸੀ ਅਤੇ ਇਸ ਨੂੰ ਅੱਗੇ ਕਿਥੇ ਸਪਲਾਈ ਕੀਤਾ ਜਾਣਾ ਸੀ? ਇਸ ਸਬੰਧੀ ਪੁੱਛ-ਗਿੱਛ ਕੀਤੀ ਜਾਵੇਗੀ।
Read More : ਹਸਪਤਾਲਾਂ ’ਚ ਲਾਪ੍ਰਵਾਹੀ ਤੇ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਸਿਹਤ ਮੰਤਰੀ
