ਕੇਂਦਰੀ ਮੰਤਰੀ ਹਰਦੀਪ ਪੁਰੀ ਦੀ ਅਗਵਾਈ ਤਰੁਣ ਚੁੱਘ ਅਤੇ ਵਿਧਾਇਕ ਵੀ ਸ਼ਾਮਲ
ਚੰਡੀਗੜ੍ਹ, 23 ਜੂਨ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਦੀ ਅਗਵਾਈ ਹੇਠ ਆਇਰਲੈਂਡ ਪਹੁੰਚੇ, ਜਿੱਥੇ ਉਹ 1985 ਦੇ ਕਨਿਸ਼ਕ ਜਹਾਜ਼ ਬੰਬ ਧਮਾਕੇ ਦੀ 40ਵੀਂ ਵਰ੍ਹੇਗੰਢ ‘ਤੇ ਆਯੋਜਿਤ ਅੰਤਰਰਾਸ਼ਟਰੀ ਸ਼ਰਧਾਂਜਲੀ ਸਮਾਰੋਹ ਵਿੱਚ ਭਾਰਤੀ ਵਫ਼ਦ ਦਾ ਹਿੱਸਾ ਹੋਣਗੇ।
ਇਸ ਵਫ਼ਦ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਪ੍ਰਤੀਨਿਧੀ ਸ਼ਾਮਲ ਹਨ, ਜਿਨ੍ਹਾਂ ਵਿੱਚ ਦਿੱਲੀ ਦੇ ਵਿਧਾਇਕ ਅਰਵਿੰਦਰ ਸਿੰਘ ਲਵਲੀ, ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਬਲਦੇਵ ਸਿੰਘ ਔਲਖ, ਰਾਜਸਥਾਨ ਦੇ ਵਿਧਾਇਕ ਗੁਰਵੀਰ ਸਿੰਘ ਬਰਾੜ, ਉੱਤਰਾਖੰਡ ਦੇ ਵਿਧਾਇਕ ਤ੍ਰਿਲੋਕ ਸਿੰਘ ਚੀਮਾ ਅਤੇ ਜੰਮੂ-ਕਸ਼ਮੀਰ ਦੇ ਵਿਧਾਇਕ ਨਰਿੰਦਰ ਸਿੰਘ ਰੈਨਾ ਸ਼ਾਮਲ ਹਨ।
ਆਇਰਲੈਂਡ ਦੇ ਪ੍ਰਧਾਨ ਮੰਤਰੀ ਮਿਸ਼ੇਲ ਮਾਰਟਿਨ, ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਅਤੇ ਕਈ ਦੇਸ਼ਾਂ ਦੇ ਪ੍ਰਤੀਨਿਧੀ 23 ਜੂਨ ਨੂੰ ਕਾਰ੍ਕ ਦੇ ਅਹਾਕਿਸਤਾ ਮੈਮੋਰੀਅਲ ਵਿਖੇ ਆਯੋਜਿਤ ਇਸ ਸ਼ਰਧਾਂਜਲੀ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਹ ਸਮਾਗਮ 329 ਨਿਰਦੋਸ਼ ਨਾਗਰਿਕਾਂ ਦੀ ਸ਼ਹਾਦਤ ਦੀ ਯਾਦ ਦਿਵਾਏਗਾ ਅਤੇ ਨਾਲ ਹੀ ਵਿਸ਼ਵ ਪੱਧਰ ‘ਤੇ ਅੱਤਵਾਦ ਵਿਰੁੱਧ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੋਵੇਗਾ।
ਰਵਾਨਾ ਹੋਣ ਤੋਂ ਪਹਿਲਾਂ ਤਰੁਣ ਚੁੱਘ ਨੇ ਕਿਹਾ ਕਿ ਕਨਿਸ਼ਕ ਜਹਾਜ਼ ਬੰਬਾਰੀ ਉਨ੍ਹਾਂ ਜ਼ਖ਼ਮਾਂ ਵਿਚੋਂ ਇੱਕ ਹੈ ਜਿਸਨੇ ਨਾ ਸਿਰਫ਼ ਭਾਰਤ ਹੀ ਨਹੀਂ ਬਲਕਿ ਪੂਰੀ ਮਨੁੱਖਤਾ ਦੀ ਆਤਮਾ ਨੂੰ ਹਿਲਾ ਦਿੱਤਾ। ਇਹ ਹਮਲਾ ਸਿੱਖ ਭਾਈਚਾਰੇ, ਭਾਰਤੀ ਪ੍ਰਵਾਸੀਆਂ ਅਤੇ ਵਿਸ਼ਵਵਿਆਪੀ ਨਾਗਰਿਕਾਂ ਲਈ ਦਰਦ ਦਾ ਸਾਂਝਾ ਪ੍ਰਤੀਕ ਬਣ ਗਿਆ। ਮੈਂ ਉਨ੍ਹਾਂ ਸਾਰੇ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਦੇਣ ਜਾ ਰਿਹਾ ਹਾਂ ਜਿਨ੍ਹਾਂ ਨੇ ਉਸ ਭਿਆਨਕ ਅੱਤਵਾਦੀ ਹਮਲੇ ’ਚ ਆਪਣੀਆਂ ਜਾਨਾਂ ਗੁਆ ਦਿੱਤੀਆਂ।
Read More : ਪੀ. ਯੂ. ਵਿਚ ਧਰਨਾ ਪ੍ਰਦਰਸ਼ਨ ’ਤੇ ਰੋਕ !