ਮਹਿੰਦਰਾ ਕਾਰ ਵਿਚੋਂ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਤੇ ‘ਅਧੀਏ’ ਬਰਾਮਦ
ਅੰਮ੍ਰਿਤਸਰ, 22 ਜੂਨ – ਆਬਕਾਰੀ ਵਿਭਾਗ ਤੇ ਪੁਲਸ ਦੇ ਸਾਂਝੇ ਆਪ੍ਰੇਸ਼ਨ ’ਚ ਇਕ ਮਹਿੰਦਰਾ ਕਾਰ ’ਚੋਂ ਗੈਰ-ਕਾਨੂੰਨੀ ਢੰਗ ਨਾਲ ਸਮਗਲ ਕਰ ਕੇ ਲਿਜਾਈ ਜਾ ਰਹੀ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ ਹੈ। ਡਰਾਈਵਰ ਕਾਰ ਨੂੰ ਛੱਡ ਕੇ ਭੱਜਣ ’ਚ ਸਫਲ ਹੋ ਗਿਆ ਪਰ ਪੁਲਸ ਨੇ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਤੇ ‘ਅਧੀਏ’ ਜ਼ਬਤ ਕਰ ਲਏ। ਪੁਲਸ ਨੇ ਮਹਿੰਦਰਾ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ। ਆਬਕਾਰੀ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇਕ ਕਾਰ ਰਾਹੀਂ ਅੰਗਰੇਜ਼ੀ ਸ਼ਰਾਬ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ।
ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਜ਼ਿਲਾ ਆਬਕਾਰੀ ਅਧਿਕਾਰੀ ਅੰਮ੍ਰਿਤਸਰ ਲਲਿਤ ਕੁਮਾਰ ਦੇ ਨਿਰਦੇਸ਼ਾਂ ’ਤੇ ਆਬਕਾਰੀ ਇੰਸਪੈਕਟਰ ਆਰ. ਐੱਸ. ਬਾਜਵਾ ਦੀ ਅਗਵਾਈ ਹੇਠ ਇਕ ਟੀਮ ਬਣਾਈ ਗਈ ਸੀ, ਜਿਸ ’ਚ ਆਬਕਾਰੀ ਮੁਲਾਜ਼ਮ ਅਤੇ ਪੁਲਸ ਸ਼ਾਮਲ ਸੀ। ਮੋਹਕਮਪੁਰਾ ਪੁਸਸ ਤੋਂ ਏ. ਐੱਸ.ਆਈ. ਪਲਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਹਰਕਮਲ ਜੋਤ ਸਿੰਘ ਤੇ ਹੋਰ ਮੁਲਾਜ਼ਮ ਮੌਜੂਦ ਸਨ।
ਜਾਣਕਾਰੀ ਅਨੁਸਾਰ ਜਦੋਂ ਦੋਵਾਂ ਵਿਭਾਗਾਂ ਦੀਆਂ ਟੀਮਾਂ ਨੇ ਨਾਕਾਬੰਦੀ ਦੌਰਾਨ ਉਕਤ ਮਹਿੰਦਰਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਆਬਕਾਰੀ ਵਿਭਾਗ ਤੇ ਪੁਲਸ ਨੂੰ ਵੇਖ ਕੇ ਗੱਡੀ ਨੂੰ ਸੜਕ ਤੇ ਛੱਡ ਕੇ ਉੱਥੋਂ ਭੱਜ ਗਿਆ।
ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਮੈਕਡੌਵੇਲ ਵਿਸਕੀ ਦੀਆਂ 24 ਬੋਤਲਾਂ, ਰਾਇਲ ਸਟੈਗ ਬ੍ਰਾਂਡ ਦੀਆਂ 34 ਬੋਤਲਾਂ ਤੇ 192 ‘ਅਧੀਏ’ ਬਰਾਮਦ ਹੋਏ। ਇਹ ਪੰਜਾਬ ਕਲੱਬ ਬ੍ਰਾਂਡ ਦੇ ਸਨ। ਇਸ ਸਬੰਧੀ ਅੰਮ੍ਰਿਤਸਰ ਬਾਰਡਰ ਰੇਂਜ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਨੇ ਕਿਹਾ ਕਿ ਬਰਾਮਦ ਕੀਤੀ ਗਈ ਸ਼ਰਾਬ ਦੀਆਂ ਬੋਤਲਾਂ ‘ਤੇ ਕੋਈ ਹੋਲੋਗ੍ਰਾਮ ਨਹੀਂ ਸੀ।
ਬਰਾਮਦ ਕੀਤੀ ਗਈ ਸ਼ਰਾਬ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਗੁਪਤਾ ਨੇ ਕਿਹਾ ਕਿ ਹੇਰ ਥਾਵਾਂ ਤੋਂ ਆ ਰਹੀ ਗੈਰ-ਕਾਨੂੰਨੀ ਸ਼ਰਾਬ ਨੂੰ ਵੀ ਸਖ਼ਤੀ ਨਾਲ ਰੋਕਿਆ ਜਾਵੇਗਾ।
Read More : ਅਮਨ ਅਰੋੜਾ ਨੇ ਲੌਂਗੋਵਾਲ ’ਚ 5.39 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦੇ ਰੱਖੇ ਨੀਂਹ-ਪੱਥਰ