NIA

ਪਹਿਲਗਾਮ ਹਮਲੇ ਦੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ 2 ਗ੍ਰਿਫ਼ਤਾਰ

ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਏ ਸਨ ਪਾਕਿਸਤਾਨੀ ਹਮਲਾਵਰ

ਪਹਿਲਗਾਮ, 22 ਜੂਨ : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਜੰਮੂ-ਕਸ਼ਮੀਰ ਵਿਚ 22 ਅਪ੍ਰੈਲ ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿਚ 26 ਮਾਸੂਮ ਸੈਲਾਨੀ ਮਾਰੇ ਗਏ ਸਨ ਅਤੇ 16 ਹੋਰ ਗੰਭੀਰ ਜ਼ਖਮੀ ਹੋ ਗਏ ਸਨ। ਇਹ ਦੋਵੇਂ ਸ਼ੱਕੀ ਪਹਿਲਗਾਮ ਦੇ ਰਹਿਣ ਵਾਲੇ ਹਨ।

ਜਾਂਚ ਏਜੰਸੀ ਅਨੁਸਾਰ ਪਹਿਲਗਾਮ ਦੇ ਬਟਕੋਟ ਦੇ ਪਰਵੇਜ਼ ਅਹਿਮਦ ਜੋਥਰ ਅਤੇ ਹਿੱਲ ਪਾਰਕ,​​ਪਹਿਲਗਾਮ ਦੇ ਬਸ਼ੀਰ ਅਹਿਮਦ ਜੋਥਰ ਨੇ ਹਮਲੇ ਵਿਚ ਸ਼ਾਮਲ 3 ਹਥਿਆਰਬੰਦ ਅੱਤਵਾਦੀਆਂ ਦੀ ਪਛਾਣ ਦਾ ਖੁਲਾਸਾ ਕੀਤਾ ਹੈ ਅਤੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (LET) ਨਾਲ ਜੁੜੇ ਪਾਕਿਸਤਾਨੀ ਨਾਗਰਿਕ ਸਨ।
ਐੱਨ. ਆਈ. ਏ. ਜਾਂਚ ਦੇ ਅਨੁਸਾਰ ਗ੍ਰਿਫਤਾਰ ਕੀਤੇ ਪਰਵੇਜ਼ ਅਹਿਮਦ ਅਤੇ ਬਸ਼ੀਰ ਅਹਿਮਦ ਨੇ ਹਮਲੇ ਤੋਂ ਪਹਿਲਾਂ ਜਾਣਬੁੱਝ ਕੇ 3 ਹਥਿਆਰਬੰਦ ਅੱਤਵਾਦੀਆਂ ਨੂੰ ਹਿੱਲ ਪਾਰਕ ਵਿਚ ਇਕ ਮੌਸਮੀ ਢੋਕ ਭਾਵ ਝੌਂਪੜੀ ਵਿਚ ਪਨਾਹ ਦਿੱਤੀ ਸੀ। ਦੋਵਾਂ ਨੇ ਅੱਤਵਾਦੀਆਂ ਨੂੰ ਭੋਜਨ, ਰਿਹਾਇਸ਼ ਅਤੇ ਲੌਜਿਸਟਿਕਲ ਮਦਦ ਪ੍ਰਦਾਨ ਕੀਤੀ ਸੀ, ਜਿਨ੍ਹਾਂ ਨੇ 22 ਅਪ੍ਰੈਲ ਦੀ ਦੁਪਹਿਰ ਨੂੰ ਪਹਿਲਗਾਮ ਆਉਣ ਵਾਲੇ ਸੈਲਾਨੀਆਂ ਨੂੰ ਮਾਰ ਦਿੱਤਾ ਸੀ। ਇਹ ਹਮਲਾ ਪਿਛਲੇ ਦਹਾਕੇ ਵਿਚ ਆਮ ਲੋਕਾਂ ‘ਤੇ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ।

ਰਾਸ਼ਟਰੀ ਜਾਂਚ ਏਜੰਸੀ NIA ਨੇ ਕਿਹਾ ਕਿ ਦੋਵਾਂ ਸ਼ੱਕੀਆਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਦੀ ਧਾਰਾ 19 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। 22 ਅਪ੍ਰੈਲ ਨੂੰ ਹੋਏ ਇਸ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਜਾਂਚ ਏਜੰਸੀ ਇੱਕ ਕੇਸ (RC-02/2025/NIA/JMU) ਦਰਜ ਕਰਕੇ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।

ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਾਂਚ ਏਜੰਸੀਆਂ ਨੇ ਮੁਲਜ਼ਮਾਂ ਨੂੰ ਫੜਨ ਲਈ ਲਗਾਤਾਰ ਮੁਹਿੰਮ ਚਲਾ ਰਹੀਆਂ ਹਨ ਪਰ ਉਹ ਅਜੇ ਵੀ ਗ੍ਰਿਫਤ ਤੋਂ ਬਾਹਰ ਹਨ। ਅਜਿਹੀ ਸਥਿਤੀ ਵਿਚ ਜਾਂਚ ਏਜੰਸੀਆਂ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿਚ ਫੜੇ ਗਏ 2 ਸਥਾਨਕ ਲੋਕਾਂ ਰਾਹੀਂ ਉਨ੍ਹਾਂ ਤੱਕ ਪਹੁੰਚ ਸਕਦੀਆਂ ਹਨ।

Read More : ਸਤਲੁਜ ਦਰਿਆ ਵਿਚ ਨਹਾਉਂਦੇ ਸਮੇਂ 2 ਨੌਜਵਾਨਾਂ ਦੀ ਮੌਤ

Leave a Reply

Your email address will not be published. Required fields are marked *