America attacked

ਅਮਰੀਕਾ ਨੇ ਈਰਾਨ ਦੇ 3 ਪ੍ਰਮਾਣੂ ਸਥਾਨਾਂ ‘ਤੇ ਕੀਤਾ ਹਮਲਾ

ਈਰਾਨ ਨੂੰ ਹੁਣ ਸ਼ਾਂਤੀ ਬਣਾ ਲੈਣੀ ਚਾਹੀਦੀ ਹੈ : ਰਾਸ਼ਟਰਪਤੀ ਟਰੰਪ

ਵਾਸ਼ਿੰਗਟਨ, 22 ਜੂਨ : ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ‘ਚ ਹੁਣ ਅਮਰੀਕਾ ਵੀ ਸ਼ਾਮਲ ਹੋ ਗਿਆ ਹੈ। ਦੇਰ ਰਾਤ ਅਮਰੀਕਾ ਨੇ ਈਰਾਨ ਵਿਚ 3 ਪ੍ਰਮਾਣੂ ਸਥਾਨਾਂ ‘ਤੇ ਹਮਲਾ ਕੀਤਾ ਹੈ। ਇਨ੍ਹਾਂ ਵਿਚ ਫੋਰਡੋ, ਨਤਾਨਜ਼ ਅਤੇ ਇਸਫਹਾਨ ਸ਼ਾਮਲ ਹਨ। ਇਹ ਹਮਲਾ ਭਾਰਤੀ ਸਮੇਂ ਅਨੁਸਾਰ ਐਤਵਾਰ ਸਵੇਰੇ 4:30 ਵਜੇ ਹੋਇਆ।ਇਸ ਦੀ ਪੁਸ਼ਟੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੂਥ ਸੋਸ਼ਲ ‘ਤੇ ਇਕ ਪੋਸਟ ਸਾਂਝੀ ਕੀਤੀ ਹੈ ਅਤੇ ਲਿਖਿਆ ਕਿ ਫੋਰਡੋ ਖਤਮ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਨੇ ਈਰਾਨ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਸ ਨੂੰ ਹੁਣ ਸ਼ਾਂਤੀ ਬਣਾ ਲੈਣੀ ਚਾਹੀਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦਾ ਹੈ ਤਾਂ ਉਸ ‘ਤੇ ਹੋਰ ਵੱਡੇ ਹਮਲੇ ਕੀਤੇ ਜਾਣਗੇ। ਈਰਾਨ ‘ਤੇ ਹਮਲੇ ਤੋਂ 3 ਘੰਟੇ ਬਾਅਦ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਈਰਾਨ ਦੇ ਮਹੱਤਵਪੂਰਨ ਪ੍ਰਮਾਣੂ ਸਥਾਨਾਂ ਨੂੰ ‘ਮਿਟਾ’ ਦਿੱਤਾ ਗਿਆ ਹੈ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਹਮਲੇ ‘ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਈਰਾਨ ‘ਤੇ ਅਮਰੀਕਾ ਦਾ ਹਮਲਾ ਇਤਿਹਾਸ ਨੂੰ ਬਦਲਣ ਵਾਲਾ ਹੈ।

ਜਾਣਕਾਰੀ ਅਨੁਸਾਰ ਅਮਰੀਕਾ ਯੁੱਧ ਦੀ ਸ਼ੁਰੂਆਤ ਤੋਂ ਹੀ ਈਰਾਨ ‘ਤੇ ਹਮਲੇ ਦੀ ਚਿਤਾਵਨੀ ਦੇ ਰਿਹਾ ਸੀ। ਇਸ ਦੇ ਨਾਲ ਹੀ ਇਹ ਖੁੱਲ੍ਹ ਕੇ ਇਜ਼ਰਾਈਲ ਦਾ ਸਮਰਥਨ ਕਰ ਰਿਹਾ ਸੀ। ਹਾਲ ਹੀ ਵਿੱਚ ਟਰੰਪ ਨੇ ਸਪੱਸ਼ਟ ਕੀਤਾ ਸੀ ਕਿ ਈਰਾਨ ਪ੍ਰਮਾਣੂ ਹਥਿਆਰ ਨਹੀਂ ਰੱਖ ਸਕਦਾ। ਅਸੀਂ ਜਲਦੀ ਹੀ ਫੈਸਲਾ ਕਰਾਂਗੇ ਕਿ ਅੱਗੇ ਕੀ ਕਰਨਾ ਹੈ। ਇਸ ਹਮਲੇ ਤੋਂ ਕੁਝ ਘੰਟੇ ਪਹਿਲਾਂ ਅਮਰੀਕਾ ਨੇ ਗੁਆਮ ਵਿਚ ਆਪਣੇ ਬੀ-2 ਬਾਮਬਰ ਭੇਜੇ ਸਨ। ਇਸ ਫੈਸਲੇ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਈਰਾਨ ਇਜ਼ਰਾਈਲ ਯੁੱਧ ਕਿਸੇ ਵੀ ਸਮੇਂ ਭਿਆਨਕ ਰੂਪ ਲੈ ਸਕਦਾ ਹੈ।

Read More : ਭਗਵੰਤ ਮਾਨ ਨੇ ਆਪਣਾ ਕਾਫ਼ਲਾ ਰੋਕ ਕੇ ਕਿਸਾਨਾਂ ਨਾਲ ਕੀਤੀ ਗੱਲਬਾਤ

Leave a Reply

Your email address will not be published. Required fields are marked *