-ਮਾਡਲ ਨਸ਼ਾ ਮੁਕਤੀ ਕੇਂਦਰ ਦੇ ਡਾਕਟਰਾਂ ਤੇ ਮਰੀਜ਼ਾਂ ਤੋਂ ਹੋਰ ਬਿਹਤਰ ਕਰਨ ਲਈ ਪ੍ਰਾਪਤ ਕੀਤੀ ਫੀਡ ਬੈਕ
ਪਟਿਆਲਾ, 21 ਜੂਨ :-ਪੰਜਾਬ ਸਰਕਾਰ ਵੱਲੋਂ ਸੂਬੇ ’ਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਮਨੋਰੋਗ ਵਿਭਾਗ ਦੇ ਮਾਡਲ ਨਸ਼ਾ ਮੁਕਤੀ ਕੇਂਦਰ ਦਾ ਨਿਰੀਖਣ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਐੱਸ. ਐੱਸ. ਪੀ. ਵਰੁਣ ਸ਼ਰਮਾ, ਯੁੱਧ ਨਸ਼ਿਆਂ ਵਿਰੁੱਧ ਮੋਰਚੇ ਦੇ ਮਾਲਵਾ ਪੂਰਬੀ ਜ਼ੋਨ ਦੇ ਕੋਆਰਡੀਨੇਟਰ ਜਗਦੀਪ ਸਿੰਘ ਜੱਗਾ ਤੇ ਏ. ਡੀ. ਸੀ. ਇਸ਼ਾ ਸਿੰਗਲ ਵੀ ਮੌਜੂਦ ਰਹੇ। ਬਲਤੇਜ ਪੰਨੂ ਨੇ ਮਾਡਲ ਨਸ਼ਾ ਮੁਕਤੀ ਕੇਂਦਰ ਦੇ ਡਾਕਟਰਾਂ ਪਾਸੋਂ ਫੀਡ ਬੈਕ ਪ੍ਰਾਪਤ ਕੀਤੀ ਤੇ ਨਸ਼ਾ ਛੱਡਣ ਵਾਲਿਆਂ ਲਈ ਇਲਾਜ ਤੋਂ ਬਾਅਦ ਹੋਰ ਬਿਹਤਰ ਮੁੜ ਵਸੇਬੇ ਲਈ ਕੀਤੇ ਜਾਣ ਵਾਲੇ ਉਪਰਾਲਿਆਂ ’ਤੇ ਚਰਚਾ ਕੀਤੀ ਗਈ।
ਇਸ ਮੌਕੇ ਉਨ੍ਹਾਂ ਵੱਲੋਂ ਕੇਂਦਰ ’ਚ ਦਾਖਲ ਮਰੀਜ਼ਾਂ ਨਾਲ ਵੀ ਲੰਮੀ ਗੱਲਬਾਤ ਕਰ ਕੇ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਤੇ ਸਵੈ ਰੋਜ਼ਗਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੇਂਦਰ ਵਿੱਚੋਂ ਠੀਕ ਹੋ ਕਿ ਗਏ ਵਿਅਕਤੀਆਂ ਨਾਲ ਰਾਬਤਾ ਰੱਖਿਆ ਜਾਵੇਗਾ ਤੇ ਉਨ੍ਹਾਂ ਨੂੰ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਣਗੇ।
ਇਸ ਮੌਕੇ ਗੈਰ ਰਸਮੀ ਗੱਲਬਾਤ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ’ਚੋਂ ਠੀਕ ਹੋ ਕੇ ਗਏ ਵਿਅਕਤੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਦੁਬਾਰਾ ਨਸ਼ਿਆਂ ਦੀ ਦਲਦਲ ’ਚ ਨਾ ਫਸਣ ਅਤੇ ਦੂਸਰਿਆਂ ਲਈ ਰੋਲ ਮਾਡਲ ਬਣਨ।
ਉਨ੍ਹਾਂ ਕਿਹਾ ਕਿ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਸਰਕਾਰ ਵੱਲੋਂ ਮਾਈਕਰੋ ਪਲਾਨਿੰਗ ਕੀਤੀ ਗਈ ਹੈ, ਜਿਸ ਤਹਿਤ ਇਲਾਜ ਦੌਰਾਨ ਹੀ ਉਨ੍ਹਾਂ ਵਿਅਕਤੀਆਂ ਨੂੰ ਆਈ. ਟੀ. ਆਈ. ਦੇ ਇੰਸਟਰਕਟਰਾਂ ਵੱਲੋਂ ਕਿੱਤਾ-ਮੁਖੀ ਕੋਰਸਾਂ ਦੀ ਟਰੇਨਿੰਗ ਦੇ ਕੇ ਆਤਮ ਨਿਰਭਰ ਬਣਾਇਆ ਜਾਂਦਾ ਹੈ।
ਉਨ੍ਹਾਂ ਸੂਬੇ ’ਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਬਹੁਪੜਾਵੀ ਮੁਹਿੰਮ ਨੂੰ ਪੁਲਸ, ਮੈਡੀਕਲ ਸਿੱਖਿਆ ਤੇ ਸਿਹਤ ਵਿਭਾਗਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਸਫਲ ਬਣਾਉਣ ਲਈ ਬਹੁਮੰਤਵੀ ਕਾਰਜ ਯੋਜਨਾ ਸਬੰਧੀ ਗੱਲ ਕਰਦਿਆਂ ਕਿਹਾ ਕਿ ਪੜਾਅ ਦਰ ਪੜਾਅ ਸੂਬੇ ’ਚੋਂ ਨਸ਼ਿਆਂ ਦਾ ਖ਼ਾਤਮਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਮਨੋਰੋਗ ਵਿਭਾਗ ਦੇ ਮੁਖੀ ਡਾ. ਰਜਨੀਸ਼ ਕੁਮਾਰ, ਨਸ਼ਾ ਮੁਕਤੀ ਮੋਰਚਾ ਦੇ ਜ਼ਿਲਾ ਕੁਆਰਡੀਨੇਟਰ ਯਾਦਵਿੰਦਰ ਗੋਲਡੀ, ਦਵਿੰਦਰ ਸਿੰਘ ਮਿੱਕੀ ਤੇ ਗੁਰਵਿੰਦਰ ਹੈਪੀ ਵੀ ਮੌਜੂਦ ਸਨ।
Read More : ਪੈਰਿਸ ਡਾਇਮੰਡ ਲੀਗ ’ਚ ਛਾਇਆ ਨੀਰਜ ਚੋਪੜਾ
