ਦੋ ਦਿਨ ਪਹਿਲਾਂ ਜੰਗਲ ’ਚੋਂ ਮਿਲੀ ਸੀ ਲਾਸ਼, ਪ੍ਰੇਮੀ ਗ੍ਰਿਫ਼ਤਾਰ
ਚੰਡੀਗੜ੍ਹ, 18 ਜੂਨ -: ਚੰਡੀਗੜ੍ਹ ਦੇ ਧਨਾਸ ਇਲਾਕੇ ’ਚ ਦੋ ਦਿਨ ਪਹਿਲਾਂ ਮਿਲੀ ਔਰਤ ਵੀਨਾ ਦੇਵੀ ਦੀ ਲਾਸ਼ ਦੇ ਮਾਮਲੇ ’ਚ ਨਵਾਂ ਮੋੜ ਆਇਆ , ਜਿਸ ’ਚ ਪੁਲਿਸ ਨੇ ਗੁਆਂਢੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਨੇ ਦੱਸਿਆ ਕਿ ਔਰਤ ਦੀ ਮੌਤ ਸੱਪ ਦੇ ਡੰਗਣ ਕਾਰਨ ਹੋਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਔਰਤ ਦਾ ਗੁਆਂਢੀ ਹੈ, ਜਿਸ ਨਾਲ ਉਸਦੇ ਲੰਬੇ ਸਮੇਂ ਤੋਂ ਸਬੰਧ ਸੀ। ਮ੍ਰਿਤਕ ਵੀਨਾ ਵਿਆਹੀ ਹੋਈ ਸੀ ਪਰ ਮੁਲਜ਼ਮ ਸੂਰਜ ਹਾਲੇ ਵੀ ਕੁਆਰਾ ਹੈ।
ਪੁੱਛਗਿੱਛ ਦੌਰਾਨ ਸੂਰਜ ਨੇ ਦੱਸਿਆ ਕਿ ਵੀਨਾ ਦੀ ਮੌਤ ਸੁਖਨਾ ਝੀਲ ਦੀਆਂ ਪੌੜੀਆਂ ’ਤੇ ਸੱਪ ਦੇ ਡੰਗਣ ਕਾਰਨ ਹੋਈ ਸੀ। ਉਹ ਰਾਤ ਨੂੰ ਉਸਨੂੰ ਮਿਲਣ ਲਈ ਸੁਖਨਾ ਝੀਲ ਆਈ ਸੀ।
ਸੱਪ ਦੇ ਡੰਗਣ ਤੋਂ ਬਾਅਦ ਸੂਰਜ ਉਸਨੂੰ ਹਸਪਤਾਲ ਲੈ ਜਾ ਰਿਹਾ ਸੀ ਪਰ ਰਸਤੇ ’ਚ ਹੀ ਵੀਨਾ ਦੀ ਮੌਤ ਹੋ ਗਈ ਅਤੇ ਫਿਰ ਫੜੇ ਜਾਣ ਦੇ ਡਰੋਂ, ਸੂਰਜ ਉਸਦੀ ਲਾਸ਼ ਧਨਾਸ ਝੀਲ ਦੇ ਪਿੱਛੇ ਜੰਗਲ ’ਚ ਸੁੱਟ ਕੇ ਭੱਜ ਗਿਆ। ਇਹ ਖੁਲਾਸਾ ਉਦੋਂ ਹੋਇਆ ਜਦੋਂ ਪੁਲਿਸ ਨੇ ਮ੍ਰਿਤਕ ਦੇ ਘਰ ਤੋਂ ਧਨਾਸ ਜਾਣ ਵਾਲੇ ਰਸਤੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ।
ਜਦੋਂ ਪੁਲਿਸ ਨੇ ਔਰਤ ਦੀ ਪਛਾਣ ਕਰ ਕੇ ਉਸਦਾ ਫ਼ੋਨ ਚੈੱਕ ਕੀਤਾ ਤਾਂ ਜ਼ਿਆਦਾਤਰ ਕਾਲਾਂ ਸੂਰਜ ਦੇ ਨੰਬਰ ’ਤੇ ਕੀਤੀਆਂ ਗਈਆਂ ਸਨ। ਜਦੋਂ ਉਸਨੂੰ ਪੁਲਿਸ ਸਟੇਸ਼ਨ ਬੁਲਾਇਆ ਗਿਆ ਤਾਂ ਉਹ ਭੱਜ ਗਿਆ। ਇਸ ਤੋਂ ਬਾਅਦ ਉਸਨੂੰ ਫਸਾਇਆ ਗਿਆ ਅਤੇ ਗ੍ਰਿਫ਼ਤਾਰ ਕਰ ਲਿਆ ਗਿਆ।
ਜ਼ਿਕਰਯੋਗ ਹੈ ਕਿ 28 ਸਾਲਾ ਔਰਤ ਵੀਨਾ ਦੀ ਲਾਸ਼ ਐਤਵਾਰ ਦੁਪਹਿਰ ਨੂੰ ਧਨਾਸ ਝੀਲ ਦੇ ਪਿੱਛੇ ਜੰਗਲ ’ਚੋਂ ਮਿਲੀ ਸੀ। ਔਰਤ ਸੈਕਟਰ-26 ਦੀ ਬਾਪੂ ਧਾਮ ਕਾਲੋਨੀ ’ਚ ਰਹਿੰਦੀ ਸੀ ਅਤੇ ਬਾਜ਼ਾਰ ਵਿਚ ਕੰਮ ਕਰਦੀ ਸੀ। ਮੂਲ ਰੂਪ ਵਿਚ ਅਸਾਮ ਦੀ ਰਹਿਣ ਵਾਲੀ ਵੀਨਾ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਰਹਿੰਦੀ ਸੀ। ਪੁਲਿਸ ਨੇ ਵੀਨਾ ਦੇ ਪਤੀ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ।
Read More : ਲੁਧਿਆਣਾ ਉਪ ਚੋਣ ਚੋਣ : ਤਿਆਰੀਆਂ ਮੁਕੰਮਲ