ਅਲਾਪੁਝਾ : ਕੇਰਲ ਦੇ ਅਲਾਪੁਝਾ ਦੇ ਕਲਾਰਕੋਡ ਵਿਚ ਕਾਰ ਅਤੇ ਬੱਸ ਦੀ ਟੱਕਰ ਹੋ ਗਈ, ਜਿਸ ਦੌਰਾਨ ਪੰਜ ਐਮ. ਬੀ. ਬੀ. ਐਸ. ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਕਨੂਰ ਦੇ ਮੁਹੰਮਦ ਅਬਦੁਲ ਜੱਬਾਰ, ਲਕਸ਼ਦੀਪ ਦੇ ਮੁਹੰਮਦ ਇਬਰਾਹਿਮ, ਮਲਪੁਰਮ ਦੇ ਦੇਵਨੰਦਨ, ਅਲਾਪੁਜਾ ਦੇ ਆਯੂਸ਼ ਸ਼ਾਜੀ ਅਤੇ ਪਲੱਕੜ ਦੇ ਸ੍ਰੀਦੀਪ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮਾਰੇ ਗਏ ਵਿਦਿਆਰਥੀ ਇੱਥੋਂ ਦੇ ਵੰਦਨਮ ਸਰਕਾਰੀ ਮੈਡੀਕਲ ਕਾਲਜ ਦੇ ਐਮ. ਬੀ. ਬੀ. ਐਸ. ਪਹਿਲੇ ਸਾਲ ਦੀ ਪੜ੍ਹਾਈ ਕਰ ਰਹੇ ਸੀ। ਉਹ ਸੋਮਵਾਰ ਰਾਤ ਨੂੰ ਜਿਸ ਕਾਰ ਵਿਚ ਪਰਤ ਰਹੇ ਸੀ, ਉਸ ਦੀ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨਾਲ ਟੱਕਰ ਹੋ ਗਈ। ਹਾਦਸੇ ਵਿਚ 6 ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਸੀ. ਸੀ. ਟੀ. ਵੀ. ਵਿਚ ਦੇਖਿਆ ਜਾ ਸਕਦਾ ਹੈ ਕਿ ਬਾਰਿਸ਼ ਦੌਰਾਨ ਤੇਜ਼ ਰਫਤਾਰ ਕਾਰ ਫਿਸਲ ਕੇ ਬੱਸ ਨਾਲ ਟਕਰਾ ਜਾਂਦੀ ਹੈ । ਸਥਾਨਕ ਲੋਕਾਂ ਨੇ ਦੱਸਿਆ ਕਿ ਤਿੰਨ ਵਿਦਿਆਰਥੀਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਸੀ ਅਤੇ ਬਾਕੀਆਂ ਨੇ ਹਸਪਤਾਲ ਜਾ ਕੇ ਦਮ ਤੋੜਿਆ। ਪੁਲਸ ਨੇ ਦੱਸਿਆ ਕਿ ਭਿਆਨਕ ਟੱਕਰ ਕਾਰਨ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ ਅਤੇ ਨੌਜਵਾਨਾਂ ਨੂੰ ਕਾਰ ਦੀ ਭੰਨ-ਤੋੜ ਕਰ ਕੇ ਹੀ ਬਾਹਰ ਕੱਢਿਆ ਜਾ ਸਕਿਆ। ਉਨ੍ਹਾਂ ਦੱਸਿਆ ਕਿ ਬੱਸ ਵਿਚ ਸਵਾਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।