tax evasion

ਮੋਬਾਈਲ ਵਿੰਗ ਦੀ ਟੈਕਸ ਚੋਰੀ ’ਤੇ ਸਖ਼ਤ ਕਾਰਵਾਈ

5 ਵਾਹਨਾਂ ਤੋਂ ਵਸੂਲਿਆ 18.44 ਲੱਖ ਜੁਰਮਾਨਾ

ਅੰਮ੍ਰਿਤਸਰ, 15 ਜੂਨ – ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਦੇ ਮੋਬਾਈਲ ਵਿੰਗ (ਐੱਮ. ਵੀ.) ਨੇ ਟੈਕਸ ਚੋਰੀ ’ਤੇ ਕਾਰਵਾਈ ਕਰਦੇ ਹੋਏ ਸਕ੍ਰੈਪ, ਤੰਬਾਕੂ ਅਤੇ ਸੈਨੇਟਰੀ ਗੁਡਸ ਸਮੇਤ ਹੋਰ ਸਾਮਾਨ ਦੀ ਜਾਂਚ ਕਰਦੇ ਹੋਏ ਜੰਮੂ ਤੋਂ ਆ ਰਹੇ ਇਕ ਟਰੱਕ ਸਮੇਤ 5 ਸਥਾਨਕ ਵਾਹਨ ਜ਼ਬਤ ਕੀਤੇ ਹਨ।

ਵਿਭਾਗੀ ਟੀਮਾਂ ਵੱਲੋਂ ਜਾਂਚ ਕਰਨ ’ਤੇ ਸਾਰੇ ਵਾਹਨਾਂ ’ਚ ਟੈਕਸ ਚੋਰੀ ਦਾ ਮਾਮਲਾ ਸਾਹਮਣੇ ਆਇਆ। ਇੱਥੇ ਇਕ ਵਾਹਨ ਬਿਨਾਂ ਬਿਲਿੰਗ ਅਤੇ ਹੋਰ ਟੈਕਸ ਚੋਰੀ ਕਰਨ ਵਾਲੇ ਅੰਡਰ ਬਿਲਿੰਗ ਜਾਂ ਛੋਟੀਆਂ-ਮੋਟੀਆਂ ਗਲਤੀਆਂ ਲਈ ਫੜੇ ਗਏ ਹਨ। ਇਹ ਕਾਰਵਾਈ ਅੰਮ੍ਰਿਤਸਰ ਦੇ ਸਹਾਇਕ ਕਮਿਸ਼ਨਰ ਮੋਬਾਈਲ ਵਿੰਗ ਮਹੇਸ਼ ਗੁਪਤਾ ਦੀ ਅਗਵਾਈ ਹੇਠ ਕੀਤੀ ਗਈ ਹੈ। ਅਧਿਕਾਰੀ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਵਾਹਨਾਂ ਤੋਂ ਜ਼ਬਤ ਕੀਤੇ ਗਏ ਮਾਲ ’ਤੇ 18.44 ਲੱਖ ਰੁਪਏ ਜੁਰਮਾਨਾ ਵਸੂਲ ਕੀਤਾ ਗਿਆ।

ਜਾਣਕਾਰੀ ਅਨੁਸਾਰ ਮੋਬਾਈਲ ਵਿੰਗ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਨੂੰ ਸੂਚਨਾ ਸੀ ਕਿ ਜੰਮੂ-ਕਸ਼ਮੀਰ ਖੇਤਰ ਤੋਂ ਇਕ ਸਾਮਾਨ ਨਾਲ ਭਰਿਆ ਵਾਹਨ ਪੰਜਾਬ ਵੱਲ ਆ ਰਿਹਾ ਹੈ। ਸੂਚਨਾ ’ਤੇ ਕਾਰਵਾਈ ਕਰਦੇ ਹੋਏ ਮੋਬਾਈਲ ਵਿੰਗ ਦੇ ਤੇਜ਼-ਤਰਾਰ ਈ. ਟੀ. ਓ. ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ’ਚ ਟੀਮ ਦਾ ਗਠਨ ਕੀਤਾ ਗਿਆ, ਜਿਸ ’ਚ ਵਿਭਾਗੀ ਸੁਰੱਖਿਆ ਦੇ ਜਵਾਨ ਵੀ ਸ਼ਾਮਲ ਸਨ।

ਦੱਸਿਆ ਜਾਂਦਾ ਹੈ ਕਿ ਸੂਚਨਾ ਮੁਤਾਬਕ ਮੋਬਾਈਲ ਟੀਮ ਨੇ ਇਸ ਟਰੱਕ ਨੂੰ ਫੜਨ ਲਈ ਕੁਝ ਥਾਵਾਂ ਦੀ ਘੇਰਾਬੰਦੀ ਕੀਤੀ ਪਰ ਵਾਹਨ ਦਾ ਪਤਾ ਨਹੀਂ ਲੱਗ ਰਿਹਾ ਸੀ। ਇਸ ਦੌਰਾਨ ਵਿਭਾਗ ਨੂੰ ਪਤਾ ਲੱਗਾ ਕਿ ਟਰੱਕ ਨੂੰ ਹੁਸ਼ਿਆਰਪੁਰ ਦੇ ਨੇੜਲੇ ਇਲਾਕਿਆਂ ’ਚ ਦੇਖਿਆ ਗਿਆ ਹੈ। ਐੱਮ. ਵੀ. ਟੀਮਾਂ, ਜੋ ਉਸ ਸਮੇਂ ਇਸ ਰੇਂਜ ’ਚ ਐਕਸ਼ਨ ਮੋਡ ਵਿਚ ਸਨ, ਨੇ ਕਥਿਤ ਇਲਾਕੇ ਨੂੰ ਘੇਰ ਲਿਆ ਤਾਂ ਹੁਸ਼ਿਆਰਪੁਰ ਦੇ ਨੇੜੇ-ਤੇੜੇ ਦੇ ਇਲਾਕੇ ’ਚੋਂ ਵਾਹਨ ਨੂੰ ਫੜ ਲਿਆ ਗਿਆ।

ਮੋਬਾਈਲ ਟੀਮ ਨੇ ਜਦੋਂ ਮਾਲ ਦੇ ਦਸਤਾਵੇਜ਼ ਮੰਗੇ, ਤਾਂ ਡਰਾਈਵਰ ਕੋਲ ਖਰੀਦ ਦੇ ਕੋਈ ਲੋੜੀਂਦੇ ਬਿੱਲ ਨਹੀਂ ਸਨ ਅਤੇ ਮਾਲ ਬਿਨਾਂ ਬਿੱਲ ਜੰਮੂ-ਕਸ਼ਮੀਰ ਤੋਂ ਆਇਆ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਇਸ ’ਚ ਲੋਹੇ ਦੀ ਅਲੱਗ-ਅਲੱਗ ਕਿਸਮ ਦੀ ਮੈਟਲ ਸਕ੍ਰੈਪ ਲੋਡ ਸੀ। ਇਸਦੀ ਡੂੰਘਾਈ ਨਾਲ ਜਾਂਚ ਅਤੇ ਮੁਲਾਂਕਣ ਤੋਂ ਬਾਅਦ ਮੋਬਾਈਲ ਟੀਮ ਨੇ ਦੇਖਿਆ ਕਿ ਇਸ ’ਚ ਸਿਲਵਰ, ਐਲੂਮੀਨੀਅਮ, ਤਾਂਬਾ ਅਤੇ ਹੋਰ ਕਿਸਮ ਦੇ ਮੈਟਲ ਸਕ੍ਰੈਪ ਲੱਦੀ ਹੋਈ ਸੀ। ਮਾਲ ਦੇ ਮੁਲਾਂਕਣ ਤੋਂ ਬਾਅਦ ਇਸ ਵਾਹਨ ’ਤੇ ਲੱਦੇ ਮਾਲ ’ਤੇ 15.34 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ।

ਲੁਧਿਆਣਾ ਤੋਂ ਹੁਸ਼ਿਆਰਪੁਰ ਆ ਰਹੀ ਜੀ. ਪੀ. ਸ਼ੀਟ ਫੜੀ, 1. 26 ਲੱਖ ਰੁਪਏ ਦਾ ਜੁਰਮਾਨਾ-ਮੋਬਾਈਲ ਵਿੰਗ ਟੀਮ ਨੇ ਲੁਧਿਆਣਾ ਤੋਂ ਹੁਸ਼ਿਆਰਪੁਰ ਆ ਰਹੇ ਇਕ ਟਰੱਕ ਨੂੰ ਟਾਂਡਾ ਦੇ ਨੇੜੇ ਦੇ ਇਲਾਕਿਆਂ ’ਚ ਘੇਰਾ ਪਾ ਕੇ ਕਾਬੂ ਕੀਤਾ। ਚੈਕਿੰਗ ਕਰਨ ’ਤੇ ਪਤਾ ਲੱਗਾ ਕਿ ਇਸ ’ਚ ਜੀ. ਪੀ. ਸ਼ੀਟ ਲੱਦੀ ਹੋਈ ਹੈ, ਜੋ ਸਿਲਵਰ ਦੇ ਦਰਵਾਜ਼ੇ ਬਣਾਉਣ ਦੇ ਕੰਮ ਆਉਂਦੀ ਹੈ। ਚੈਕਿੰਗ ਕਰਨ ’ਤੇ ਇਸ ’ਤੇ ਲੱਦੇ ਮਾਲ ਅਤੇ ਦਸਤਾਵੇਜ਼ਾਂ ’ਚ ਅੰਤਰ ਸੀ। ਐਮ. ਵੀ. ਟੀਮ ਨੇ ਇਸ ’ਤੇ 1.26 ਲੱਖ ਰੁਪਏ ਦਾ ਜੁਰਮਾਨਾ ਵਸੂਲ ਕੀਤਾ।

ਅੰਮ੍ਰਿਤਸਰ ’ਚ ਤੰਬਾਕੂ ਦੇ ਟਰੱਕ ਨੂੰ ਫੜਿਆ, 1.50 ਲੱਖ ਜੁਰਮਾਨਾ-ਅੰਮ੍ਰਿਤਸਰ ਮੋਬਾਈਲ ਟੀਮ ਨੇ ਪੰਡਿਤ ਰਮਨ ਦੀ ਅਗਵਾਈ ਹੇਠ ਅੰਮ੍ਰਿਤਸਰ ਤੋਂ ਤੰਬਾਕੂ ਦੀ ਡਲਿਵਰੀ ਦੇਣ ਵਾਲੇ ਇਕ ਟਰੱਕ ਨੂੰ ਫੜ ਲਿਆ। ਇਸ ’ਤੇ ਵੀ ਟੈਕਸ ਚੋਰੀ ਦਾ ਮਾਮਲਾ ਸਾਹਮਣੇ ਆਇਆ। ਮੁਲਾਂਕਣ ਤੋਂ ਬਾਅਦ ਐੱਮ. ਵੀ. ਟੀਮ ਨੇ ਇਸ ’ਤੇ 1.5 ਲੱਖ ਰੁਪਏ ਦਾ ਜੁਰਮਾਨਾ ਲਾਇਆ।

ਸੈਨੇਟਰੀ ਗੁਡਸ ’ਤੇ ‘ਅੰਡਰ ਬਿਲਿੰਗ’, 80 ਹਜ਼ਾਰ ਰੁਪਏ ਜੁਰਮਾਨਾ-ਮੋਬਾਈਲ ਵਿੰਗ ਟੀਮ ਨੇ ਟੈਕਸ ਚੋਰੀ ’ਤੇ ਕਾਰਵਾਈ ਦੌਰਾਨ ਸੂਚਨਾ ਦੇ ਆਧਾਰ ’ਤੇ ਘੇਰਾ ਪਾ ਕੇ ਇਕ ਟਰੱਕ ਨੂੰ ਫੜ ਲਿਆ। ਸੂਚਨਾ ਸੀ ਕਿ ਇਸ ’ਚ ਸੈਨੇਟਰੀ ਗੁਡਸ ਲੱਦੀ ਹੋਈ ਸੀ । ਜਾਣਕਾਰੀ ’ਚ ਇਹ ਵੀ ਕਿਹਾ ਗਿਆ ਸੀ ਕਿ ਮਾਲ ਦਾ ਬਿੱਲ ਇਸ ਨਾਲ ਲੱਗਾ ਹੋਇਆ ਹੈ ਪਰ ਲੋਡ ਮਾਲ ਦੀ ਵੈਲਿਊ ਬਿਲਿੰਗ ਤੋਂ ਘੱਟ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਮਾਲ ਅਤੇ ਬਿੱਲ ’ਚ ਅੰਤਰ ਹੈ। ਕਾਰਵਾਈ ਦੌਰਾਨ ਐੱਮ.ਵੀ. ਟੀਮ ਨੇ ਇਸ ’ਤੇ 80 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲ ਕੀਤਾ।

ਸੀ. ਆਈ. ਕਾਸਟਿੰਗ ’ਤੇ ਜੁਰਮਾਨਾ-ਮੋਬਾਈਲ ਟੀਮ ਨੇ ਜਲੰਧਰ ’ਚ ਇਕ ਕਾਰਵਾਈ ਦੌਰਾਨ ਸੀ. ਆਈ. ਕਾਸਟਿੰਗ ਦੇ ਇਕ ਵਾਹਨ ਨੂੰ ਫੜਿਆ । ਇਸ ’ਚ ਮਾਲ ਨਾਲ ਬਿੱਲ ਲੱਗਾ ਹੋਇਆ ਸੀ ਪਰ ਬਿੱਲ ਅੰਡਰ ਵੈਲਿਊ ਸੀ। ਜਾਂਚ ਤੋਂ ਬਾਅਦ ਫੜੇ ਗਏ ਮਾਲ ’ਤੇ 60 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ। ਇਸੇ ਤਰ੍ਹਾਂ ਇਕ ਕਾਰਵਾਈ ਦੌਰਾਨ ਅੰਮ੍ਰਿਤਸਰ ਵਿਚ ਨਿੱਜੀ ਵਾਹਨ ’ਤੇ ਲੋਡ ਸਾਮਾਨ ’ਤੇ 20,000 ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ।

ਟੈਕਸ ਚੋਰੀ ਖਿਲਾਫ ਕਾਰਵਾਈ ਹੋਰ ਤੇਜ਼ ਹੋਵੇਗੀ : ਮਹੇਸ਼ ਗੁਪਤਾ

ਅੰਮ੍ਰਿਤਸਰ ਮੋਬਾਈਲ ਵਿੰਗ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਟੈਕਸ ਚੋਰੀ ਖਿਲਾਫ ਕਾਰਵਾਈ ਹੋਰ ਤੇਜ਼ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਟੈਕਸ ਚੋਰੀ ਰੋਕਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗੀ ਟੀਮਾਂ ਲਗਾਤਾਰ ਜੀ. ਐੱਸ. ਟੀ. ਰਜਿਸਟ੍ਰੇਸ਼ਨ ਕੈਂਪ ਵੀ ਲਾ ਰਹੀਆਂ ਹਨ ਅਤੇ ਵਪਾਰੀਆਂ/ਕਾਰੋਬਾਰੀਆਂ ਨੂੰ ਚੌਕਸੀ ਨਾਲ ਸਬੰਧਤ ਜਾਣਕਾਰੀ ਦਿੱਤੀ ਜਾ ਰਹੀ ਹੈ।

Read More : ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਹਰ ਕੁਰਬਾਨੀ ਦੇਣ ਨੂੰ ਤਿਆਰ : ਵੜਿੰਗ, ਬਾਜਵਾ

Leave a Reply

Your email address will not be published. Required fields are marked *