ਪੀਰੇ ਕੇ ਉਤਾੜ ’ਚ ਤਿੰਨ ਏਕੜ ਜ਼ਮੀਨ ਲਈ 3.68 ਲੱਖ ’ਚ ਹੋਇਆ ਠੇਕਾ
ਜਲਾਲਾਬਾਦ, 14 ਜੂਨ : ਜ਼ਿਲਾ ਫਾਜ਼ਿਲਕਾ ਦੇ ਪਿੰਡ ਪੀਰੇ ਕੇ ਉਤਾੜ ’ਚ ਪੰਚਾਇਤੀ ਜ਼ਮੀਨ ਦੀ ਬੋਲੀ ਨੇ ਸਰਕਾਰੀ ਰਿਕਾਰਡ ਤੋੜ ਦਿੱਤਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਸਰਕਾਰੀ ਜ਼ਮੀਨ ਦੀ ਨਿਲਾਮੀ ਨੇ ਰਿਕਾਰਡ ਤੋੜਿਆ ਹੋਵੇ। ਇੱਥੇ ਤਿੰਨ ਏਕੜ ਪੰਚਾਇਤੀ ਜ਼ਮੀਨ ਦਾ ਠੇਕਾ 3 ਲੱਖ 68 ਹਜ਼ਾਰ ਰੁਪਏ ’ਚ ਹੋਇਆ।
ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਰੀਆਂ ਅਨੁਸਾਰ ਇਹ ਰਕਮ ਇਲਾਕੇ ’ਚ ਹੁਣ ਤੱਕ ਹੋਈਆਂ ਬੋਲੀਆਂ ’ਚ ਸਭ ਤੋਂ ਵੱਧ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾ ਪਿੰਡ ਪੀਰੇ ਕੇ ਉਤਾੜ ਦੀ ਸਰਕਾਰੀ ਪੰਚਾਇਤੀ ਜ਼ਮੀਨ ਦੀ ਬੋਲੀ ਦੋ ਵਾਰ ਰੱਦ ਹੋ ਗਈ ਸੀ, ਜਿਸ ਤੋਂ ਬਾਅਦ ਤੀਜੀ ਵਾਰ ਪੰਚਾਇਤ ਵਿਭਾਗ ਨੇ ਇਸ ਬੋਲੀ ਲਈ 12 ਜੂਨ ਦਾ ਦਿਨ ਮੁਕਰਰ ਕੀਤਾ ਸੀ। ਇਸ ਤੋਂ ਬਾਅਦ ਬੀਤੇ ਦਿਨ ਇਹ ਬੋਲੀ ਮਾਲ ਵਿਭਾਗ ਅਤੇ ਗ੍ਰਾਮ ਪੰਚਾਇਤ ਦੀ ਮੌਜੂਦਗੀ ’ਚ ਹੋਈ।
ਬੋਲੀ ਉਪਰੰਤ ਜਾਣਕਾਰੀ ਦਿੰਦੇ ਹੋਏ ਪੰਚਾਇਤ ਸਕੱਤਰ ਗੁਰਮੀਤ ਸਿੰਘ ਅਤੇ ਪਿੰਡ ਦੇ ਸਰਪੰਚ ਡਾ. ਸਿੰੰਦਰ ਸਿੰਘ ਨੇ ਦੱਸਿਆ ਕਿ ਇਹ ਬੋਲੀ ਪੂਰੀ ਤਰ੍ਹਾਂ ਨਿਯਮਾਂ ਦੇ ਅਧੀਨ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ। ਮੌਜੂਦਾ ਸਰਪੰਚ ਡਾ. ਸ਼ਿੰਦਰ ਸਿੰਘ ਅਤੇ ਸਾਬਕਾ ਸਰਪੰਚ ਮਲਕੀਤ ਸਿੰਘ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਪਿੰਡ ਵਾਸੀਆਂ ਦੀ ਭਲਾਈ ਲਈ ਅਸੀਂ ਰਿਕਾਰਡ ਤੋੜੀ ਬੋਲੀ ਕਰਵਾਈ। ਇਹ ਪੈਸਾ ਪਿੰਡ ਦੀ ਹਰੇਕ ਗਲੀ ਅਤੇ ਨਿਕਾਸੀ ਨਾਲਿਆਂ ਦੀ ਸੁਧਾਰ ਅਤੇ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ’ਚ ਲਾਇਆ ਜਾਵੇਗਾ।
ਸਰਪੰਚ ਡਾ. ਸ਼ਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਕਾਫੀ ਪੰਚਾਇਤੀ ਜ਼ਮੀਨ ਦਾ ਰਕਬਾ ਵੱਡੇ ਨਾਜਾਇਜ਼ ਕਬਜ਼ਿਆਂ ਦੀ ਮਾਰ ਹੇਠ ਹੈ, ਜਿਸ ਨੂੰ ਖਾਲੀ ਕਰਵਾਉਣ ਲਈ ਗ੍ਰਾਮ ਪੰਚਾਇਤ ਵੱਲੋਂ ਯਤਨ ਸ਼ੁਰੂ ਕੀਤੇ ਗਏ ਹਨ। ਸਰਪੰਚ ਨੇ ਕਿਹਾ ਕਿ ਨਾਜਾਇਜ਼ ਕਬਜ਼ਿਆਂ ਨੂੰ ਛੁੜਵਾਉਣ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨਿਕ ਹੁਕਮਾਂ ’ਤੇ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ ਸੀ, ਜਿਸ ’ਚ ਨਾਜਾਇਜ਼ ਕਬਜ਼ਾਧਾਰਕਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਅਤੇ ਭਵਿੱਖ ’ਚ ਕਬਜ਼ਾਧਾਰਕਾਂ ਵੱਲੋਂ ਨੱਪੀ ਪੰਚਾਇਤੀ ਜ਼ਮੀਨ ਨੂੰ ਛੁੜਵਾਉਣ ਦੀ ਯੋਜਨਾ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ।
ਗ੍ਰਾਮ ਪੰਚਾਇਤ ਦੇ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੰਚਾਇਤੀ ਬੋਲੀ ’ਚ 6 ਪਾਰਟੀਆਂ ਨੇ ਭਾਗ ਲਿਆ ਸੀ, ਜਿਸ ’ਚ ਸਭ ਤੋਂ ਉੱਚੀ ਬੋਲੀ 3 ਲੱਖ 68 ਹਜ਼ਾਰ ਰੁਪਏ ਦੇਸ ਸਿੰਘ ਪੁੱਤਰ ਬਾਜ ਸਿੰਘ ਨੇ ਲਾਈ। ਮੌਕੇ ’ਤੇ ਬੋਲੀਦਾਤਾ ਵੱਲੋਂ ਪੈਸਿਆਂ ਦੀ ਅਦਾਇਗੀ ਦਾ ਚੈੱਕ ਵਿਭਾਗ ਨੂੰ ਜਮ੍ਹਾ ਕਰਵਾ ਦਿੱਤਾ ਹੈ।
Read More : ਪੀ. ਯੂ. ਦੀਆਂ ਦਲੀਲਾਂ ਨਾਲ ਸਹਿਮਤ ਹੋਈ ਅਦਾਲਤ