6 ਗੱਡੀਆਂ ਅਤੇ ਬੈਂਕ ਖਾਤੇ ’ਤੇ ਰੋਕ ਖਤਮ
ਲੈਕਚਰਾਰ ਇੰਦਰਜੀਤ ਕੌਰ ਪੈਨਸ਼ਨ ਕੇਸ ਦੀਆਂ ਪੇਚੀਦਗੀਆਂ ਬਾਰੇ ਅਦਾਲਤ ਨੂੰ ਕਰਵਾਇਆ ਜਾਣੂ : ਯੂਨੀਵਰਸਿਟੀ ਅਥਾਰੀਟੀਜ਼
ਪਟਿਆਲਾ , 14 ਜੂਨ : ਪੰਜਾਬੀ ਯੂਨੀਵਰਸਿਟੀ ਦੀਆਂ 6 ਗੱਡੀਆਂ ਅਤੇ ਬੈਂਕ ਖਾਤੇ ਦੀ ਵਰਤੋਂ ’ਤੇ ਲੈਕਚਰਾਰ ਇੰਦਰਜੀਤ ਕੌਰ ਪੈਨਸ਼ਨ ਕੇਸ ’ਚ ਮਾਣਯੋਗ ਅਦਾਲਤ ਵੱਲੋਂ ਲਗਾਈ ਗਈ ਰੋਕ ਵਾਪਸ ਲੈ ਲਈ ਗਈ ਹੈ। ਅਦਾਲਤ ਨੇ ਲੈਕਚਰਾਰ ਇੰਦਰਜੀਤ ਕੌਰ ਦਾ ਪੱਖ ਸੁਣ ਕੇ ਲੰਘੇ ਕੱਲ ਇਹ ਰੋਕ ਲਗਾਈ ਸੀ ਪਰ ਅੱਜ ਪੰਜਾਬੀ ਯੂਨੀਵਰਸਿਟੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਇਆ ਇਹ ਰੋਕ ਹਟਾ ਦਿੱਤੀ ਗਈ ਹੈ, ਜਿਸ ਨਾਲ ਯੂਨੀਵਰਸਿਟੀ ਨੂੰ ਵੱਡੀ ਰਾਹਤ ਮਿਲੀ ਹੈ।
ਯੂਨੀਵਰਸਿਟੀ ਅਥਾਰਿਟੀਜ਼ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਗੱਡੀਆਂ ਅਤੇ ਬੈਂਕ ਖਾਤੇ ਨੂੰ ਅਟੈਚ ਕੀਤੇ ਜਾਣ ਦੇ ਇਸ ਫ਼ੈਸਲੇ ਉਪਰੰਤ ਯੂਨੀਵਰਸਿਟੀ ਵੱਲੋਂ ਮਾਣਯੋਗ ਅਦਾਲਤ ਤੱਕ ਪਹੁੰਚ ਕੀਤੀ ਗਈ ਸੀ।
ਅਦਾਲਤ ਵੱਲੋਂ ਯੂਨੀਵਰਸਿਟੀ ਦਾ ਪੱਖ ਜਾਣਨ ਉਪਰੰਤ ਇਹ ਰੋਕ ਹਟਾ ਦਿੱਤੀ ਗਈ ਹੈ। ਅਥਾਰਿਟੀਜ਼ ਵੱਲੋਂ ਦੱਸਿਆ ਗਿਆ ਕਿ ਇੰਦਰਜੀਤ ਕੌਰ ਸਾਲ 2015 ਵਿਚ ਯੂਨੀਵਰਸਿਟੀ ਤੋਂ ਸੇਵਾਮੁਕਤ ਹੋਏ ਸਨ। ਸੀ.ਪੀ.ਐੱਫ. ਤੋਂ ਪੁਰਾਣੀ ਪੈਨਸ਼ਨ ਸਕੀਮ ਵਿਚ ਤਬਦੀਲ ਹੋਣ ਕਾਰਨ ਨਿਯਮਾਂ ਅਨੁਸਾਰ ਉਨ੍ਹਾਂ ਵੱਲੋਂ ਇਕ ਨਿਰਧਾਰਿਤ ਰਾਸ਼ੀ ਯੂਨੀਵਰਸਿਟੀ ਦੇ ਖਾਤੇ ਵਿਚ ਜਮ੍ਹਾ ਕਰਵਾਈ ਜਾਣੀ ਸੀ, ਜੋ ਕਿ ਉਨ੍ਹਾਂ ਨਹੀਂ ਕਰਵਾਈ ਸੀ।
ਇਸ ਮਾਮਲੇ ਦੇ ਅਜਿਹੇ ਕੁੱਝ ਕਾਨੂੰਨੀ ਅਤੇ ਤਕਨੀਕੀ ਕਾਰਨਾਂ ਕਰ ਕੇ ਉਨ੍ਹਾਂ ਦੀ ਪੈਨਸ਼ਨ ਸ਼ੁਰੂ ਨਹੀਂ ਹੋ ਸਕੀ ਸੀ। ਯੂਨੀਵਰਸਿਟੀ ਵੱਲੋਂ ਇਸ ਮਾਮਲੇ ਦੀਆਂ ਸਾਰੀਆਂ ਪੇਚੀਦਗੀਆਂ ਬਾਰੇ ਅਦਾਲਤ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ, ਜਿਸ ਉਪਰੰਤ ਅਦਾਲਤ ਵੱਲੋਂ ਰੋਕ ਹਟਾਉਣ ਵਾਲਾ ਇਹ ਫ਼ੈਸਲਾ ਸੁਣਾਇਆ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਣੀ ਹੈ।
Read More : ਨੌਜਵਾਨ ਲੜਕੀ ਨੇ ਮਾਲਦੀਵ ’ਚ ਕੀਤੀ ਖੁਦਕੁਸ਼ੀ
