2 ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ : ਸਤਵੀਰ ਸਿੰਘ
ਬਰਨਾਲਾ, 12 ਜੂਨ : ਬਰਨਾਲਾ ਪੁਲਸ ਨੇ ਧਨੌਲਾ ਖੁਰਦ ਵਿਖੇ ਨੌਜਵਾਨ ਦੀ ਮੌਤ ਦੇ ਮਾਮਲੇ ਨੂੰ ਡੂੰਘਾਈ ਨਾਲ ਖੰਗਾਲਦਿਆਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਹੋਰ 2 ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਉਪ ਕਪਤਾਨ ਸਤਵੀਰ ਸਿੰਘ ਪੀ. ਪੀ. ਐੱਸ. ਨੇ ਦੱਸਿਆ ਕਿ ਮਿਤੀ 08.06.2025 ਨੂੰ ਧਨੌਲਾ ਖੁਰਦ-ਮਾਨਸਾ ਰੋਡ ’ਤੇ ਮਿਲੀ ਇਕ ਅਣਪਛਾਤੀ ਲਾਸ਼ ਦੀ ਪਛਾਣ ਬਲਜਿੰਦਰ ਸਿੰਘ ਉਰਫ ਗਾਂਧੀ ਪੁੱਤਰ ਸਤਪਾਲ ਸਿੰਘ ਵਾਸੀ ਧਨੌਲਾ ਖੁਰਦ ਵਜੋਂ ਹੋਈ। ਮ੍ਰਿਤਕ ਦੇ ਪਿਤਾ ਸਤਪਾਲ ਸਿੰਘ ਦੇ ਬਿਆਨਾਂ ਅਤੇ ਤਫਤੀਸ਼ ’ਚ ਮਿਲੀਆਂ ਜਾਣਕਾਰੀਆਂ ਦੇ ਆਧਾਰ ’ਤੇ ਥਾਣਾ ਸਿਟੀ ਬਰਨਾਲਾ ’ਚ ਮਿਤੀ 10.06.2025 ਨੂੰ ਮੁਕੱਦਮਾ ਦਰਜ ਕੀਤਾ ਗਿਆ।
ਇਸ ਘਟਨਾ ’ਚ ਦੋਸ਼ੀ ਕਰਾਰ ਦਿੱਤੇ ਗਏ ਲੋਕਾਂ ’ਚ ਸ਼ਾਮਲ ਹਨ-ਬਲਜਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਧਨੌਲਾ ਖੁਰਦ, ਗੁਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਹੰਡਿਆਇਆ, ਅਜੇ ਸ਼ਰਮਾ ਪੁੱਤਰ ਸੁਖਜੀਵਨ ਸ਼ਰਮਾ ਵਾਸੀ ਸੇਖਾ ਰੋਡ ਬਰਨਾਲਾ, ਜੈਲੋ ਕੌਰ ਪਤਨੀ ਹੰਸਾ ਸਿੰਘ ਵਾਸੀ ਰਾਮ ਬਾਗ ਦੀ ਬੈਕ ਸਾਈਡ ਬਰਨਾਲਾ, ਗੁਰਦੀਪ ਸਿੰਘ ਕੋਠੇ ਡੁੱਲਟ ਪ੍ਰੀਤ ਸਿੰਘ ਵਾਸੀ ਬਰਨਾਲਾ ਤਫਤੀਸ਼ ਦੌਰਾਨ ਪਰਿਵਾਰ ਵੱਲੋਂ ਅਤੇ ਹੋਰ ਗਵਾਹੀ ਦੇ ਆਧਾਰ ’ਤੇ ਸਾਹਮਣੇ ਆਇਆ ਕਿ ਬਲਜਿੰਦਰ ਸਿੰਘ ਨੂੰ ਉਕਤ ਦੋਸ਼ੀਆਂ ਨੇ ਅਜੇ ਸ਼ਰਮਾ ਅਤੇ ਜੈਲੋ ਕੌਰ ਤੋਂ ਨਸ਼ਾ ਲੈ ਕੇ ਜ਼ਿਆਦਾ ਮਾਤਰਾ ’ਚ ਨਸ਼ਾ ਖਵਾਇਆ, ਜਿਸ ਕਾਰਨ ਉਸਦੀ ਮੌਤ ਹੋ ਗਈ।
ਪੋਸਟਮਾਰਟਮ ਰਿਪੋਰਟ ਤੋਂ ਵੀ ਪੁਸ਼ਟੀ ਹੋਈ ਕਿ ਮ੍ਰਿਤਕ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ, ਜਿਸ ਮੁਤਾਬਕ ਗੁਰਦੀਪ ਸਿੰਘ ਕੋਠੇ ਡੁੱਲਟ ਅਤੇ ਪ੍ਰੀਤ ਸਿੰਘ ਵੱਲੋਂ ਪਹਿਲਾਂ ਵੀ ਕੀਤੀ ਕੁੱਟਮਾਰ ਹੋ ਸਕਦੀ ਹੈ। ਮਿਤੀ 10.06.2025 ਨੂੰ ਬਲਜਿੰਦਰ ਸਿੰਘ, ਗੁਰਦੀਪ ਸਿੰਘ ਅਤੇ ਅਜੇ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਿਤੀ 11.06.2025 ਨੂੰ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨਾਂ ਦਾ ਪੁਲਸ ਰਿਮਾਂਡ ਲਿਆ ਗਿਆ, ਜਿਸ ਦੌਰਾਨ ਉਨ੍ਹਾਂ ਨਾਲ ਪੁੱਛਗਿੱਛ ਜਾਰੀ ਹੈ।
ਮਿਤੀ 11.06.2025 ਨੂੰ ਹੀ ਦੋਸ਼ਣ ਜੈਲੋ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੂੰ ਅੱਜ ਮਿਤੀ 12.06.2025 ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਉਨ੍ਹਾਂ ਤੋਂ ਵੀ ਪੁਲਸ ਪੁੱਛਗਿੱਛ ਕਰ ਰਹੀ ਹੈ।
ਗੁਰਦੀਪ ਸਿੰਘ ਕੋਠੇ ਡੁੱਲਟ ਤੇ ਪ੍ਰੀਤ ਸਿੰਘ ਹਾਲੇ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਵੱਖ-ਵੱਖ ਥਾਵਾਂ ’ਤੇ ਰੇਡ ਕੀਤੀਆਂ ਜਾ ਰਹੀਆਂ ਹਨ। ਉਪ ਕਪਤਾਨ ਸਤਵੀਰ ਸਿੰਘ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਡੂੰਘੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਬਰਕਰਾਰ ਹੈ।
Read More : ਹੁਣ ਨਹੀਂ ਚੱਲੇਗਾ ‘ਕਾਰ ਵਿਚ ਬਾਰ’!