‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੇ 100 ਦਿਨ ਪੂਰੇ ਕੀਤੇ, ਹਰ ਵਰਗ ਦਾ ਮਿਲਿਆ ਸਹਿਯੋਗ : ਏ. ਐੱਸ. ਰਾਏ
ਫਤਿਹਗੜ੍ਹ ਚੂੜੀਆਂ, 10 ਜੂਨ :-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੱਜ ਬਟਾਲਾ ਪੁਲਸ ਨੇ ਫਤਿਹਗੜ੍ਹ ਚੂੜੀਆਂ ਦੇ ਪਿੰਡ ਸ਼ਮਸ਼ੇਰਪੁਰ ਵਿਖੇ ਏ. ਐੱਸ. ਰਾਏ ਏ. ਡੀ. ਜੀ. ਪੀ. ਟ੍ਰੈਫਿਕ ਪੰਜਾਬ ਦੀ ਅਗਵਾਈ ਹੇਠ ਦੁਪਹਿਰ ਵੇਲੇ ਨਸ਼ਾ ਸਮੱਗਲਰ ਰਾਮਪਾਲ ਪੁੱਤਰ ਪਿਆਰਾ ਲਾਲ ਵੱਲੋਂ ਕੀਤੀ ਗਈ ਨਾਜਾਇਜ਼ ਉਸਾਰੀ ਨੂੰ ਜੇ. ਸੀ. ਬੀ. ਮਸ਼ੀਨ ਨਾਲ ਢਾਹਿਆ ਗਿਆ।

ਇਸ ਮੌਕੇ ਸੁਹੇਲ ਕਾਸਿਮ ਮੀਰ, ਐੱਸ. ਐੱਸ. ਪੀ. ਬਟਾਲਾ, ਗੁਰਪ੍ਰਤਾਪ ਸਿੰਘ ਸਹੋਤਾ ਐੱਸ. ਪੀ. (ਡੀ) ਅਤੇ ਵਿਪਨ ਕੁਮਾਰ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਵੀ ਮੌਜੂਦ ਸਨ।
ਇਸ ਮੌਕੇ ਏ. ਐੱਸ. ਰਾਏ. ਏ. ਡੀ. ਜੀ. ਪੀ. ਟ੍ਰੈਫਿਕ ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਸੂਬੇ ਅੰਦਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸਨੂੰ ਅੱਜ 100 ਦਿਨ ਪੂਰੇ ਹੋ ਗਏ ਹਨ ਅਤੇ ਇਸ ਮੁਹਿੰਮ ਨੂੰ ਹਰ ਵਰਗ ਵੱਲੋਂ ਭਰਵਾਂ ਸਹਿਯੋਗ ਦਿੱਤਾ ਗਿਆ ਹੈ।
ਉਨ੍ਹਾਂ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਦੀ ਅਗਵਾਈ ’ਚ ਬਟਾਲਾ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਟਾਲਾ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਵਿਰੁੱਧ 399 ਐੱਫ. ਆਈ. ਆਰ ਦਰਜ ਕੀਤੀਆਂ ਗਈਆਂ ਹਨ, ਸਮੱਗਲਰਾਂ ਦੀਆਂ ਕਰੀਬ 27 ਕਰੋੜ ਦੀ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹੈ ਅਤੇ 600 ਤੋਂ ਵੱਧ ਨਸ਼ਾ ਸਮੱਗਲਰਾਂ ਨੂੰ ਜੇਲ ਭੇਜਿਆ ਗਿਆ ਹੈ।
ਇਸ ਮੌਕੇ ਐੱਸ. ਐੱਚ. ਓ. ਕਿਰਨਦੀਪ ਸਿੰਘ ਫਤਿਹਗੜ੍ਹ ਚੂੜੀਆਂ, ਲਖਵਿੰਦਰ ਸਿੰਘ ਐੱਸ. ਐੱਚ. ਓ. ਘਣੀਏ ਕੇ ਬਾਂਗਰ, ਐੱਸ. ਐੱਚ. ਓ. ਸਦਰ ਬਲਦੇਵ ਸਿੰਘ, ਸੁਰਿੰਦਰ ਸਿੰਘ ਟ੍ਰੈਫਿਕ ਇੰਚਾਰਜ ਬਟਾਲਾ, ਪ੍ਰਦੀਪ ਸਿੰਘ ਪੰਚਾਇਤ ਸੈਕਟਰੀ ਸਮੇਤ ਅਧਿਕਾਰੀ ਮੌਜੂਦ ਸਨ।
ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ : ਐੱਸ. ਐੱਸ. ਪੀ. ਮੀਰ
ਇਸ ਮੌਕੇ ਐੱਸ. ਐੱਸ. ਪੀ. ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਉਕਤ ਮੁਲਜ਼ਮ ਰਾਮਪਾਲ ਖਿਲਾਫ ਵੱਖ-ਵੱਖ ਥਾਣਿਆਂ ’ਚ 2 ਮੁਕੱਦਮੇ ਦਰਜ ਹਨ ਅਤੇ ਇਸ ਵੇਲੇ ਜੇਲ ’ਚ ਬੰਦ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਵੱਲੋਂ ਨਸ਼ੇ ਦੀ ਕਮਾਈ ਨਾਲ ਇਹ ਉਸਾਰੀ ਕੀਤੀ ਗਈ ਸੀ, ਜਿਸਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ’ਚ ਢਾਹਿਆ ਗਿਆ ਹੈ।
ਐੱਸ. ਐੱਸ. ਪੀ. ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਸਪੱਸ਼ਟ ਹਦਾਇਤਾਂ ਹਨ ਕਿ ਜੋ ਵੀ ਵਿਅਕਤੀ ਨਸ਼ਾ ਸਮੱਗਲਿੰਗ ਦੇ ਧੰਦੇ ’ਚ ਸ਼ਾਮਲ ਹੈ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ।
Read More : ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ’ਤੇ ਰੋਕ ਲਗਾਉਣ ਲਈ ਪਟੀਸ਼ਨ ਦਾਇਰ