ਸਿੰਚਾਈ ਵਿਭਾਗ ਵੱਲੋਂ ਵਾਧੂ 10,000 ਕਿਊਸਿਕ ਨਹਿਰੀ ਪਾਣੀ ਨਾਲ ਜ਼ਮੀਨ ਹੇਠਲੇ ਪਾਣੀ ਦੀ ਹੋਵੇਗੀ ਬੱਚਤ
ਗੁਰਦਾਸਪੁਰ, 9 ਜੂਨ –: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਬੰਦ ਪਈਆਂ ਨਹਿਰਾਂ ਤੇ ਖਾਲਾਂ ਨੂੰ ਬਹਾਲ ਕਰਨ ਨਾਲ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਣ ਲੱਗ ਪਿਆ ਹੈ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਖੇਤਾਂ ਲਈ ਨਹਿਰੀ ਪਾਣੀ 21 ਫ਼ੀਸਦੀ ਵਰਤਿਆ ਜਾਂਦਾ ਸੀ, ਜੋ ਹੁਣ 84 ਫ਼ੀਸਦੀ ਵਰਤਿਆ ਜਾਣ ਲੱਗਿਆ ਹੈ।
ਉਨ੍ਹਾਂ ਦੱਸਿਆ ਕਿ ਸਿੰਚਾਈ ਵਿਭਾਗ ਦੇ ਮਾਹਿਰਾਂ ਨੂੰ ਚੱਲ ਰਹੇ ਝੋਨੇ ਦੀ ਬਿਜਾਈ ਦੇ ਸੀਜ਼ਨ ਲਈ ਨਹਿਰੀ ਪਾਣੀ ਦੀ ਸਪਲਾਈ ’ਚ ਮਹੱਤਵਪੂਰਨ ਵਾਧੇ ਦੀ ਉਮੀਦ ਹੈ, ਜਿਸ ਨਾਲ ਇਸ ਸਾਲ ਔਸਤਨ ਰੋਜ਼ਾਨਾ ਪ੍ਰਵਾਹ 26,000 ਕਿਊਸਿਕ ਤੋਂ ਵੱਧ ਕੇ 36,000 ਕਿਊਸਿਕ ਹੋ ਜਾਵੇਗਾ। ਇਸ ਵਧੀ ਹੋਈ ਸਪਲਾਈ ਨਾਲ ਜ਼ਮੀਨ ਹੇਠਲੇ ਪਾਣੀ ’ਤੇ ਨਿਰਭਰਤਾ ਘਟੇਗੀ, ਜਿਸ ਸਦਕਾ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਵੇਗਾ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸਿੰਚਾਈ ਵਿਭਾਗ ਵੱਲੋਂ ਵਾਧੂ 10,000 ਕਿਊਸਿਕ ਨਹਿਰੀ ਪਾਣੀ ਨਾਲ ਲਗਭਗ 1.25 ਲੱਖ ਟਿਊਬਵੈੱਲਾਂ ਦੁਆਰਾ ਕੱਢੇ ਗਏ ਭੂਮੀਗਤ ਪਾਣੀ ਨੂੰ ਬਚਾਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ’ਚ ਰਾਜ ਦੀ 42 ਲੱਖ ਹੈੱਕਟੇਅਰ ਖੇਤੀਬਾੜੀ ਜ਼ਮੀਨ ’ਚੋਂ ਲਗਭਗ 31.38 ਲੱਖ ਹੈਕਟੇਅਰ ਨਹਿਰਾਂ ਵੱਲੋਂ ਸਿੰਚਾਈ ਕੀਤੀ ਜਾਂਦੀ ਹੈ।
ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਹਿਰੀ ਪਾਣੀ ਦੀ ਸਪਲਾਈ ਲਈ, ਜੋ ਉਪਰਾਲੇ ਕੀਤੇ ਗਏ ਹਨ, ਉਹ ਲਾਮਿਸਾਲ ਹਨ। ਮਾਨ ਨੇ ਨਹਿਰੀ ਪਾਣੀ ਨੂੰ ਟੇਲਾਂ ਤੱਕ ਪਹੁੰਚਾ ਕੇ ਕਿਸਾਨੀ ਨੂੰ ਬਹੁਤ ਵੱਡਾ ਲਾਭ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਚਾਹੇ ਸੂਬੇ ’ਚ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਦੀ ਗੱਲ ਹੋਵੇ ਜਾਂ ਹਰਿਆਣਾ ਨੂੰ ਪੰਜਾਬ ਦਾ ਵਾਧੂ ਪਾਣੀ ਜਾਣ ਤੋਂ ਰੋਕਣ ਦਾ ਮਸਲਾ ਹੋਵੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਣੀਆਂ ਦੇ ਅਸਲ ਰਾਖੇ ਦੀ ਭੂਮਿਕਾ ਨਿਭਾਈ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੁਰਦਾਸਪੁਰ ਦੇ ਕਿਸਾਨਾਂ ਨੂੰ ਵੀ ਵੱਡੀ ਰਾਹਤ ਦਿੱਤੀ ਗਈ ਹੈ। ਮਾਨ ਸਰਕਾਰ ਵੱਲੋਂ ਜ਼ਿਲਾ ਗੁਰਦਾਸਪੁਰ ਵਿਚਲੇ ਕਿਰਨ ਨਾਲੇ ਅਤੇ ਆਲੇਚੱਕ ਡਰੇਨ ਦੀ ਸਫ਼ਾਈ ਕਰ ਕੇ ਕਿਸਾਨਾਂ ਦੀ ਵੱਡੀ ਮੁਸ਼ਕਲ ਹੱਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਰਨ ਨਾਲੇ ਅਤੇ ਆਲੇਚੱਕ ਡਰੇਨਾਂ ਦੀ ਸਫ਼ਾਈ ਹੋਣ ਨਾਲ ਬਰਸਾਤਾਂ ਵਿੱਚ ਪਾਣੀ ਓਵਰ ਫਲੋਅ ਨਾ ਹੋਣ ਕਾਰਨ ਫ਼ਸਲਾਂ ਦਾ ਨੁਕਸਾਨ ਨਹੀਂ ਹੋਵੇਗਾ।
Read More : ਪੁਲਸ ਨੂੰ ਮਿਲੀ ਵੱਡੀ ਕਾਮਯਾਬੀ